ਕਰਨਾਲ (Jaspreet) - ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵੱਲੋਂ ਅੱਜ ਕਰਨਾਲ ਵਿਚ ਕੰਗਨਾ ਰਣੌਤ ਬਾਰੇ ਕਥਿਤ ਵਿਵਾਦਿਤ ਟਿੱਪਣੀਆਂ ਨਾਲ ਨਵਾਂ ਵਿਵਾਦ ਛਿੜ ਗਿਆ ਹੈ। ਮਾਨ ਨੇ ਹਾਲਾਂਕਿ ਮਗਰੋਂ ਐਕਸ ’ਤੇ ਉਪਰੋਥੱਲੀ ਦੋ ਪੋਸਟਾਂ ਪਾ ਕੇ ਆਪਣੀ ਸਥਿਤੀ ਸਪਸ਼ਟ ਕਰਦਿਆਂ ਕਿਹਾ ਕਿ ਉਹ ਤੇ ਉਨ੍ਹਾਂ ਦੀ ਪਾਰਟੀ ਔਰਤਾਂ ਦੀ ਰੱਖਿਆ ਤੇ ਸੁਰੱਖਿਆ ਲਈ ਹਮੇਸ਼ਾ ਖੜ੍ਹਦੀ ਰਹੀ ਹੈ। ਉਧਰ ਕੰਗਨਾ ਨੇ ਪਲਟਵਾਰ ਕਰਦਿਆਂ ਮਹਿਲਾਵਾਂ ਖ਼ਿਲਾਫ਼ ਅਪਰਾਧ ਨੂੰ ‘ਵਡਿਆ ਕੇ’ ਪੇਸ਼ ਕਰਨ ਲਈ ਸਿਮਰਨਜੀਤ ਸਿੰਘ ਮਾਨ ਦੀ ਨਿਖੇਧੀ ਕੀਤੀ ਹੈ।
ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਕੰਗਨਾ ਨੇ ਕਿਸਾਨ ਅੰਦੋਲਨ ਬਾਰੇ ਜੋ ਕੁਝ ਕਿਹਾ, ਉਹ ਸ਼ਰਮਨਾਕ ਸੀ, ਪਰ ਮਾਨ ਦੀ ਪ੍ਰਤੀਕਿਰਿਆ ‘ਇਸ ਤੋਂ ਵੀ ਸ਼ਰਮਨਾਕ’ ਹੈ। ਮਾਨ ਦੀਆਂ ਟਿੱਪਣੀਆਂ ਦਾ ਨੋਟਿਸ ਲੈਣ ਬਾਰੇ ਪੁੱਛਣ ’ਤੇ ਗਿੱਲ ਨੇ ਕਿਹਾ ਕਿ ਉਹ ਦੇਖਣਗੇ ਕਿ ਕੀ ਕਾਰਵਾਈ ਕਰਨੀ ਹੈ। ਓਥੇ ਹੀ ਸਿਮਰਨਜੀਤ ਮਾਨ ਨੇ ਇਸ ਵਿਵਾਦ ਮਗਰੋਂ ਐਕਸ ’ਤੇ ਪੋਸਟ ਵਿਚ ਕਿਹਾ ਕਿ ਉਹ ਤੇ ਉਨ੍ਹਾਂ ਦੀ ਪਾਰਟੀ ਹਮੇਸ਼ਾ ਮਹਿਲਾਵਾਂ ਦੀ ਰੱਖਿਆ ਤੇ ਸੁਰੱਖਿਆ ਲਈ ਖੜ੍ਹੇ ਹਨ।
ਉਨ੍ਹਾਂ ਕੰਗਨਾ ’ਤੇ ਕਿਸਾਨਾਂ ਖ਼ਿਲਾਫ਼ ਝੂਠੇ ਦੋਸ਼ ਲਾਉਣ ਦਾ ਦੋਸ਼ ਲਾਇਆ। ਮਾਨ ਨੇ ਦੋਸ਼ ਲਾਇਆ ਕਿ ਕੰਗਨਾ ਨੂੰ ਸਿੱਖਾਂ, ਕਿਸਾਨਾਂ ਤੇ ਖੇਤ ਮਜ਼ਦੂਰਾਂ ਖ਼ਿਲਾਫ਼ ਕੂੜ ਪ੍ਰਚਾਰ ਨਾਲ ਸ਼ਾਇਦ ਕਿਸੇ ਤਰ੍ਹਾਂ ਦਾ ਰੋਮਾਂਚ ਮਿਲਦਾ ਹੈ। ਉਨ੍ਹਾਂ ਕਿਹਾ ਕਿ ਕੰਗਨਾ ਨੂੰ ਚਾਹੀਦਾ ਹੈ ਕਿ ਉਹ ਮਹਿਲਾਵਾਂ ਦੀ ਸੁਰੱਖਿਆ ਨਾਲ ਜੁੜੇ ਆਪਣੇ ਫ਼ਿਕਰਾਂ ਬਾਰੇ ਆਪਣੀ ਹੀ ਸੱਤਾਧਾਰੀ ਪਾਰਟੀ ਨੂੰ ਸਵਾਲ ਕਰੇ। ਸਾਡੀਆਂ ਮਹਿਲਾਵਾਂ ਦੀ ਸਮਾਨਤਾ ਤੇ ਸੁਰੱਖਿਆ ਨਾਲ ਅੱਜ ਭਾਰਤ ਵਿਚ ਸਮਝੌਤਾ ਕੀਤਾ ਜਾ ਰਿਹਾ ਹੈ।
ਕਿਸਾਨ ਅੰਦੋਲਨ ਬਾਰੇ ਵਿਵਾਦਿਤ ਟਿੱਪਣੀਆਂ ਕਰਕੇ ਆਪਣੀ ਹੀ ਪਾਰਟੀ ਤੋਂ ਝਿੜਕਾਂ ਖਾਣ ਵਾਲੀ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਅੱਜ ਪਾਰਟੀ ਪ੍ਰਧਾਨ ਜੇਪੀ ਨੱਢਾ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਮਿਲੀ। ਵਿਵਾਦਾਂ ’ਚ ਫਸਣ ਮਗਰੋਂ ਰਣੌਤ ਦੀ ਭਾਜਪਾ ਪ੍ਰਧਾਨ ਨਾਲ ਇਹ ਦੂਜੀ ਮੁਲਾਕਾਤ ਹੈ।