
ਵੈਨਕੂਵਰ (ਨੇਹਾ): ਕੁਝ ਸਾਲ ਪਹਿਲਾਂ ਕੈਨੇਡਾ ਸਰਕਾਰ ਵੱਲੋਂ ਅਪ੍ਰੈਲ ਮਹੀਨੇ ਨੂੰ ਸਿੱਖ ਵਿਰਾਸਤੀ ਮਹੀਨੇ ਵਜੋਂ ਮਾਨਤਾ ਦਿੱਤੇ ਜਾਣ ਤੋਂ ਬਾਅਦ ਹਰ ਸਾਲ ਵਾਂਗ ਇਸ ਵਾਰ ਵੀ ਇਸ ਸਬੰਧੀ ਪ੍ਰੋਗਰਾਮਾਂ ਦੀਆਂ ਤਿਆਰੀਆਂ ਹੋਣ ਲੱਗੀਆਂ ਹਨ। ਫੈਡਰਲ ਸਰਕਾਰ ਅਤੇ ਕਰੀਬ ਸਾਰੀਆਂ ਸੂਬਾ ਸਰਕਾਰਾਂ ਵੱਲੋਂ ਇਸ ਨੂੰ ਮਾਨਤਾ ਦਿੱਤੀ ਜਾ ਚੁੱਕੀ ਹੈ। ਇਸ ਤਹਿਤ ਅਪਰੈਲ ਚੜ੍ਹਦੇ ਹੀ ਧਾਰਮਿਕ ਪ੍ਰੋਗਰਾਮ ਉਲੀਕੇ ਜਾਣ ਲੱਗਦੇ ਹਨ।
ਗੁਰਦੁਆਰਾ ਕਮੇਟੀਆਂ ਵੱਲੋਂ ਕਰਵਾਏ ਜਾਂਦੇ ਸਮਾਗਮਾਂ ਵਿੱਚ ਦੇਸ਼ ਦੇ ਲੋਕਾਂ ਨੂੰ ਅਮੀਰ ਵਿਰਸੇ ਤੋਂ ਜਾਣੂੰ ਕਰਵਾਇਆ ਜਾਂਦਾ ਹੈ। ਸਰਕਾਰਾਂ ਵੱਲੋਂ ਆਪਣੇ ਪੱਧਰ ’ਤੇ ਵੀ ਸਮਾਗਮ ਕਰਵਾਏ ਜਾਂਦੇ ਹਨ। ਇਸ ਵਾਰ ਫੈਡਰਲ ਚੋਣਾਂ ਇਸੇ ਮਹੀਨੇ ਦੀ 28 ਤਰੀਕ ਨੂੰ ਹੋਣ ਕਰਕੇ ਇਸ ਮਹੀਨੇ ਦੀ ਮਹੱਤਤਾ ਹੋਰ ਵੀ ਵਧ ਗਈ ਹੈ। ਵਿਰਾਸਤੀ ਸਮਾਗਮਾਂ ਵਿੱਚ ਚੋਣਾਂ ਦਾ ਰੰਗ ਵੀ ਵੇਖਣ ਨੂੰ ਮਿਲੇਗਾ।