ਨਿਊਜ਼ ਡੈਸਕ (ਰਿੰਪੀ ਸ਼ਰਮਾ) : ਖਾਲਸਾ ਸਾਜਨਾ ਦਿਵਸ ਮੌਕੇ ਸ੍ਰੀ ਪੰਜਾ ਸਾਹਿਬ ਪਾਕਿਸਤਾਨ 'ਚ ਇੱਕ ਸਿੱਖ ਬਜ਼ੁਰਗ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਿਸ਼ਾਬਰ ਸਿੰਘ ਵਾਸੀ ਘਰੌਂਡਾ, ਕਰਨਾਲ, ਹਰਿਆਣਾ ਵਜੋਂ ਹੋਈ ਹੈ। ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਸ਼ਾਮ ਨੂੰ ਨਿਸ਼ਾਬਰ ਸਿੰਘ ਦੀ ਲਾਸ਼ ਪਾਕਿਸਤਾਨ ਤੋਂ ਅਟਾਰੀ ਸਰਹੱਦ ਰਾਹੀਂ ਭਾਰਤ ਭੇਜ ਦਿੱਤੀ ਗਈ।
ਜਾਣਕਾਰੀ ਅਨੁਸਾਰ ਭਾਰਤੀ ਸਿੱਖ ਸ਼ਰਧਾਲੂ ਨਸ਼ਾਬਰ ਸਿੰਘ ਪੁੱਤਰ ਕਾਕਾ ਸਿੰਘ ਬਰਸਾਤ ਕਰਨਾਲ ਹਰਿਆਣਾ ਜੋ ਕਿ ਭਾਰਤੀ ਸਿੱਖ ਸ਼ਰਧਾਲੂਆਂ ਨਾਲ ਸ਼ਾਮਲ ਹੋ ਕੇ ਵਿਸਾਖੀ ਦਾ ਪਵਿੱਤਰ ਦਿਹਾੜਾ ਮਨਾਉਣ ਲਈ ਰੇਲ ਗੱਡੀ ਰਾਹੀਂ ਜਾ ਰਿਹਾ ਸੀ ਕਿ ਰਸਤੇ ਵਿਚ ਆਉਂਦੇ ਰੇਲਵੇ ਸਟੇਸ਼ਨ ਰਾਵਲਪਿੰਡੀ ਵਿਖੇ ਦਿਲ ਦਾ ਦੌਰਾ ਪੈ ਗਿਆ ਤੇ ਮੌਕੇ ਤੇ ਹੀ ਮੌਤ ਹੋ ਗਈ।
ਵਿਸਾਖੀ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਰਵਾਨਾ ਕੀਤਾ ਗਿਆ ਸੀ। ਇਸ ਜੱਥੇ ਵਿੱਚ ਕੁੱਲ 705 ਸ਼ਰਧਾਲੂ ਸ਼ਾਮਲ ਸਨ, ਜਦਕਿ ਕੁੱਲ 900 ਸ਼ਰਧਾਲੂਆਂ ਦੇ ਵੀਜ਼ੇ ਅਪਲਾਈ ਕੀਤੇ ਗਏ ਸਨ।
ਸਭ ਤੋਂ ਹੈਰਾਨ ਕਰ ਦੇਣ ਵਾਲੀ ਗੱਲ ਇਹ ਵੀ ਹੈ ਕਿ ਨਿਸ਼ਾਬਰ ਸਿੰਘ ਨੇ ਆਖ਼ਰੀ ਸਾਹ ਉਸੇ ਸਥਾਨ 'ਤੇ ਲਿਆ ਜਿੱਥੇ ਉਨ੍ਹਾਂ ਦਾ ਜਨਮ ਹੋਇਆ ਸੀ। ਨਿਸ਼ਾਬਰ ਦੇ ਪਾਸਪੋਰਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਸ ਦਾ ਜਨਮ 1939 ਵਿੱਚ ਅਮੋਕੇ, ਪੰਜਾਬ, ਪਾਕਿਸਤਾਨ ਵਿੱਚ ਹੋਇਆ ਸੀ।