by vikramsehajpal
ਦਿੱਲੀ (ਦੇਵ ਇੰਦਰਜੀਤ) : ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਹਾਈਕਮਾਨ ਨੇ ਨਾ-ਮਨਜ਼ੂਰ ਕਰ ਦਿੱਤਾ ਹੈ। ਕਾਂਗਰਸ ਹਾਈ ਕਮਾਨ ਨੇ ਪੰਜਾਬ ਸੂਬਾ ਕਾਂਗਰਸ ਨੂੰ ਇਸ ਮਸਲੇ ਦਾ ਪਹਿਲਾਂ ਸੂਬਾ ਪੱਧਰ 'ਤੇ ਹੱਲ ਕੱਢਣ ਲਈ ਕਿਹਾ ਹੈ ਅਤੇ ਉਸ ਤੋਂ ਬਾਅਦ ਹਾਈ ਕਮਾਨ ਦਖਲ ਦੇਵੇਗੀ।
ਨਵਜੋਤ ਸਿੰਘ ਸਿੱਧੂ ਨੇ ਅੱਜ ਕਾਂਗਰਸ ਦੀ ਪੰਜਾਬ ਕਾਂਗਰਸ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਕਿਸੇ ਵੀ ਵਿਅਕਤੀ ਦੇ ਵਿਅਕਤੀਤਵ ਵਿਚ ਗਿਰਾਵਟ ਸਮਝੌਤੇ ਨਾਲ ਸ਼ੁਰੂ ਹੁੰਦੀ ਹੈ, ਮੈਂ ਪੰਜਾਬ ਦੇ ਭਵਿੱਖ ਤੇ ਪੰਜਾਬ ਦੇ ਕਲਿਆਣ ਦੇ ਏਜੰਡੇ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕਰ ਸਕਦਾ ਹਾਂ।
ਉਨ੍ਹਾਂ ਨੇ ਲਿਖਿਆ ਕਿ ਇਸ ਲਈ ਮੈਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨਗੀ ਅਹੁਦੇ ਤੋਂ ਅਸਤੀਫਾ ਦਿੰਦਾ ਹਾਂ। ਕਾਂਗਰਸ ਦੀ ਸੇਵਾ ਕਰਨਾ ਜਾਰੀ ਰੱਖਾਂਗਾ। ਸਿੱਧੂ ਨੇ ਇਸੇ ਸਾਲ ਜੁਲਾਈ ਵਿਚ ਪਾਰਟੀ ਦੀ ਪ੍ਰਦੇਸ਼ ਇਕਾਈ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ ਸੀ।