ਮਾਨਸਾ (ਐਨ ਆਰ ਆਈ ਮੀਡਿਆ) : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੇ ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਚਲ ਰਹੀ ਜੰਗ ਨੂੰ ‘ਸਿਆਸਤ ਚਮਕਾਉਣ ਤੇ ਸਰਕਾਰ ਬਚਾਉਣ' ਕਰਾਰ ਦਿੱਤਾ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਕਾਨੂੰਨੀ ਤੌਰ ‘ਤੇ ਘੇਰਨ ਦੀ ਜ਼ਰੂਰਤ ਹੈ ਨਾ ਕਿ ਸੋਸ਼ਲ ਮੀਡੀਆ ਤੇ ਮਾਮਲੇ ਨੂੰ ਵਾਰ ਵਾਰ ਉਛਾਲ ਕੇ ਆਪਣਾ ਢਿੱਡ ਨੰਗਾ ਕਰਨ ਦੀ।
ਉਹਨਾਂ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੌਰਾਨ ਕੌਵਿਡ-19, ਵੈਕਸੀਨੇਸ਼ਨ, ਮੈਡੀਕਲ ਸਹੂਲਤਾਂ, ਖੇਤੀ ਕਾਨੂੰਨਾਂ, ਕਰਜ਼ਾ ਮੁਆਫ਼ੀ, ਵਧਦੇ ਕ੍ਰਾਇਮ ਵਰਗੇ ਗੰਭੀਰ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਕਾਂਗਰਸ ਇਹ ਚਾਲਾਂ ਖੇਡ ਰਹੀ ਹੈ। ਪ੍ਰੋਫ਼ੈਸਰ ਬਲਜਿੰਦਰ ਕੌਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਬਿਆਨਬਾਜ਼ੀ ਤੇ ਨਵਜੋਤ ਸਿੱਧੂ ਦੇ ਜੁਆਬੀ ਹਮਲਿਆਂ ਵਿਚ ਕੋਈ ਦਮ ਨਹੀਂ ਹੈ। ਦੋਹੇਂ ਆਗੂ ਲੋਕ ਹਿੱਤਾਂ ਨੂੰ ਛਿੱਕੇ ਟੰਗ ਕੇ ਨਿੱਜੀ ਤੌਰ ‘ਤੇ ਇਕ ਦੂਜੇ ਖ਼ਿਲਾਫ਼ ਬੋਲ ਰਹੇ ਹਨ।
ਵਿਧਾਇਕ ਬਲਜਿੰਦਰ ਕੌਰ ਨੇ ਕਿਹਾ ਕਿ ਬੀਜੇਪੀ ਦੇ ਨਾਲ ਨਾਲ ਅਕਾਲੀ ਦਲ ‘ਤੇ ਧਰਮ ਦੀ ਰਾਜਨੀਤੀ ਕਰਨ ਦਾ ਦੋਸ਼ ਲਾਉਣ ਵਾਲੀ ਕਾਂਗਰਸ ਪਾਰਟੀ ਨੇ ਪਿਛਲੀਆਂ ਚੋਣਾਂ ਦੌਰਾਨ ਵੀ ਵੋਟਰਾਂ ਨੂੰ ਮੂਰਖ ਬਣਾਉਣ ਲਈ ਧਾਰਮਿਕ ਪੱਤੇ ਖੇਡੇ ਤੇ ਇਸ ਵਾਰ ਵੀ ਕੈਪਟਨ ਅਮਰਿੰਦਰ ਸਿੰਘ ਸਮੇਤ ਉਹਨਾਂ ਦੇ ਬਾਕੀ ਵਿਧਾਇਕ ਬਰਗਾੜੀ ਤੇ ਕੋਟਕਪੂਰਾ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਦਿਵਾ ਸਕੇ। ਉਹਨਾਂ ਨੇ ਕਿਹਾ ਕਿ ਬੇਅਦਬੀ ਤੇ ਕੋਟਕਪੁਰਾ ਗੋਲੀਕਾਂਡ ਦੇ ਮੁੱਦੇ ‘ਤੇ ਸਰਕਾਰ ਲੋਕਾਂ ਦੇ ਵਿਰੋਧ ਨੂੰ ਠੱਲ ਨਹੀਂ ਪਾ ਸਕੀ। ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਵਾਸਤੇ ਹੀ ਕਾਂਗਰਸੀ ਆਗੂ ਬੇਤੁਕੀ ਬਿਆਨਬਾਜ਼ੀ ਨਾਲ ਲੋਕਾਂ ਦਾ ਧਿਆਨ ਭਟਕਾ ਰਹੇ ਹਨ।
ਉਹਨਾਂ ਕਿਹਾ ਕਿ ਨਵਜੋਤ ਸਿੱਧੂ ਨੇ ਬੇਅਦਬੀ ‘ਤੇ ਰਾਜਨੀਤੀ ਤੋਂ ਇਲਾਵਾ ਪੰਜਾਬ ਦਾ ਕੋਈ ਹੋਰ ਮੁੱਦਾ ਨਹੀਂ ਚੁੱਕਿਆ । ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਸਾਰੇ ਆਗੂ ਜੋ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਦੇ ਰਹੇ ਨੇ ਉਹ ਸਾਰੇ ਗੁਰੂ ਸਾਹਿਬ ਦੀ ਬੇਅਦਬੀ ਤੇ ਗੋਲੀ ਕਾਂਡ ਦੇ ਬਰਾਬਰ ਦੇ ਦੋਸ਼ੀ ਹਨ। ਉਹਨਾਂ ਕਿਹਾ ਕਿ ਇਹ ਜੱਗ ਜ਼ਾਹਿਰ ਹੈ ਕਿ ਬਾਦਲਾਂ ‘ਤੇ ਬੇਅਦਬੀ ਦਾ ਦੋਸ਼ ਮੜ੍ਹਨ ਵਾਲੀ ਕਾਂਗਰਸ ਪਾਰਟੀ ਅਕਾਲੀ ਆਗੂਆਂ ਨੂੰ ਪਿਛਲੇ ਚਾਰ ਸਾਲਾਂ ਤੋਂ ਬਚਾ ਰਹੀ ਹੈ ਜਿਸ ਕਾਰਨ ਕਾਂਗਰਸੀ ਆਗੂ ਖ਼ੁਦ ਵੀ ਬਰਾਬਰ ਦੀ ਦੋਸ਼ੀ ਹਨ।