ਮੂਸੇਵਾਲੇ ਨੇ ਦਰਬਾਰ ਸਾਹਿਬ ਆ ਮੰਗੀ ਮੁਆਫ਼ੀ

by

ਅਮ੍ਰਿੰਤਸਰ ਡੈਸਕ (Vikram Sehajpal) : ਪੰਜਾਬੀ ਇੰਡਸਟਰੀ ਦੇ ਉੱਘੇ ਗਾਇਕ ਸਿੱਧੂ ਮੂਸੇਵਾਲਾ ਨੇ ਅਕਾਲ ਤਖ਼ਤ ਸਾਹਿਬ ਨਤਮਸਤਕ ਹੋ ਕੇ ਮੁਆਫ਼ੀ ਮੰਗੀ ਹੈ। ਇਸ ਮੌਕੇ ਉਹ ਮੀਡੀਆ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਗੁਰੇਜ਼ ਕਰਦੇ ਹੋਏ ਨਜ਼ਰ ਆਏ। ਦੱਸ ਦਈਏ ਕਿ ਇਹ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਜਦੋਂ ਸਿੱਧੂ ਮੂਸੇਵਾਲਾ ਨੇ ਫ਼ਿਲਮ ਅੜਬ ਮੁਟਿਆਰਾਂ ਦੇ ਗੀਤ ਜੱਟੀ ਜਿਉਣੇ ਮੋੜ ਵਰਗੀ ਦੇ ਵਿੱਚ ਮਾਈ ਭਾਗੋ ਦਾ ਜ਼ਿਕਰ ਕੀਤਾ ਸੀ। ਇਸ ਗੀਤ ਦਾ ਵਿਵਾਦ ਸ਼ੁਰੂ ਹੋਣ 'ਤੇ ਉਸ ਨੇ ਮੁਆਫ਼ੀ ਵੀ ਮੰਗੀ ਸੀ ਪਰ ਸਿੱਧੂ ਦੀ ਆਲੋਚਨਾ ਤਾਂ ਵੀ ਹੋਈ ਸੀ।

ਆਪਣੀ ਹੋ ਰਹੀ ਆਲੋਚਨਾ ਨੂੰ ਵੇਖ ਕੇ ਸਿੱਧੂ ਨੇ ਗੀਤ ਦੀ ਵੀਡੀਓ ਦੇ ਵਿੱਚ ਮਾਈ ਭਾਗੋ ਵਾਲੀ ਲਾਇਨ ਨੂੰ ਹਟਾ ਦਿੱਤਾ ਸੀ।ਇਹ ਮਾਮਲਾ ਠੰਡਾ ਪੈ ਗਿਆ ਸੀ ਪਰ ਇਹ ਫ਼ੇਰ ਸੁਰਖੀਆਂ 'ਚ ਆਇਆ ਜਦੋਂ ਸਿੱਧੂ ਨੇ ਆਪਣੇ ਨਿਊਜ਼ੀਲੈਂਡ ਸ਼ੋਅ ਦੇ ਵਿੱਚ ਮੁੜ ਤੋਂ ਜੱਟੀ ਜਿਊਣੇ ਮੋੜ ਵਰਗੀ ਗੀਤ ਗਾਇਆ ਅਤੇ ਉਸ ਵਿੱਚ ਮਾਈ ਭਾਗੋ ਵਾਲੀ ਲਾਇਨ ਦਾ ਜ਼ਿਕਰ ਕੀਤਾ। 

ਇਹ ਵੀਡੀਓ ਖ਼ੂਬ ਵਾਇਰਲ ਹੋਈ। ਇਸ ਦਾ ਨਤੀਜਾ ਇਹ ਹੋਇਆ ਸਿੱਧੂ ਖ਼ਿਲਾਫ਼ ਵੱਖ -ਵੱਖ ਸਿੱਖ ਸੰਗਠਨਾਂ ਤੇ ਐਸ ਜੀ ਪੀ ਸੀ ਨੇ ਕਾਨੂੰਨੀ ਕਾਰਵਾਈ ਲਈ ਪੁਲਿਸ ਨੂੰ ਸ਼ਿਕਾਇਤ ਕਰ ਕੀਤੀ।ਵਰਣਨਯੋਗ ਹੈ ਕਿ ਸਿੱਧੂ ਮੂਸੇਵਾਲਾ ਨੇ ਮੁਆਫ਼ੀ ਮੰਗ ਕੇ ਇਹ ਸਾਬਿਤ ਤਾਂ ਕਰ ਦਿੱਤਾ ਹੈ ਕਿ ਉਸ ਨੂੰ ਉਸ ਦੀ ਗਲਤੀ ਦਾ ਅਹਿਸਾਸ ਹੈ, ਨਹੀਂ ਤਾਂ ਪੰਜਾਬੀ ਮਨੋਰੰਜਨ ਜਗਤ 'ਚ ਕੁਝ ਲੋਕ ਅਜਿਹੇ ਵੀ ਨੇ ਜਿਨ੍ਹਾਂ ਦਾ ਵਿਰੋਧ ਵੀ ਹੋਇਆ ਪਰ ਉਹ ਆਪਣੇ ਬਿਆਨ 'ਤੇ ਕਾਇਮ ਵੀ ਰਹੇ।