ਓਂਟਾਰੀਓ (ਵਿਕਰਮ ਸਹਿਜਪਾਲ) : ਸਿੱਧੂ ਮੂਸੇਵਾਲਾ ਨੇ ਆਪਣੀ ਮਾਂ ਦੀ ਗੱਲ ਵੀ ਨਹੀਂ ਮੰਨੀ। ਦਰਅਸਲ ਕੁਝ ਦਿਨ ਪਹਿਲਾਂ ਹੀ ਸਿੱਧੂ ਮੂਸੇਵਾਲ ਦੀ ਸਰਪੰਚ ਮਾਂ ਚਰਨ ਕੌਰ ਨੇ ਲਿਖਤੀ ਰੂਪ 'ਚ ਇਹ ਭਰੋਸਾ ਦਿੱਤਾ ਸੀ ਕਿ ਸਿੱਧੂ ਹੁਣ ਭੜਕਾਊ ਗੀਤ ਨਹੀਂ ਗਾਏਗਾ ਪਰ ਸਿੱਧੂ ਨੇ ਬੁੱਧਵਾਰ ਆਪਣਾ ਨਵਾਂ ਗੀਤ 'ਮਾਫੀਆ ਸਟਾਇਲ' ਆਪਣੇ ਯੂ-ਟਿਊਬ ਅਕਾਊਂਟ ਤੋਂ ਪੋਸਟ ਕਰ ਦਿੱਤਾ, ਜਿਸ 'ਚ ਇੱਕ ਵਾਰ ਫੇਰ ਸਿੱਧੂ ਹਥਿਆਰਾਂ, ਗੋਲੀਆਂ, ਵੈਲੀਆਂ ਤੇ ਖੜਕੇ-ਦੜਕੇ ਦੀ ਗੱਲ ਕਰਦੇ ਨਜ਼ਰ ਆ ਰਹੇ ਹਨ ਅਤੇ ਮਾਫੀਆ ਸਟਾਇਲ 'ਚ ਵਿਆਹ ਕਰਨ ਦੀ ਗੱਲ ਕਹਿ ਰਹੇ ਹਨ।
ਇਸ ਗੀਤ 'ਚ ਸਿੱਧੂ ਨੇ ਪੀ.ਐੱਲ.ਆਰ. ਗੰਨ ਦਾ ਜ਼ਿਕਰ ਵੀ ਕੀਤਾ ਹੈ ਜੋ ਕਿ ਬੇਹੱਦ ਮਾਰੂ ਹਥਿਆਰ ਹੈ। ਜ਼ਿਕਰਯੋਗ ਹੈ ਕਿ ਪੰਡਿਤ ਰਾਓ ਧਰੇਨਵਰ ਨੇ ਸਿੱਧੂ ਮੂਸੇਵਾਲਾ ਅਤੇ ਉਸਦੀ ਸਰਪੰਚ ਮਾਂ ਵਿਰੁੱਧ ਡਾਇਰੈਕਟਰ ਪੰਚਾਇਤ ਵਿਭਾਗ ਨੂੰ ਸ਼ਿਕਾਇਤ ਦਿੱਤੀ ਸੀ ਅਤੇ ਭੜਕਾਊ ਗੀਤਾਂ 'ਤੇ ਇਤਰਾਜ਼ ਜਤਾਇਆ ਸੀ। ਇਸ ਤੋਂ ਬਾਅਦ ਬੀਡੀਪੀਓ ਮਾਨਸਾ ਨੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਅਤੇ ਪੰਡਤ ਰਾਓ ਧਰੇਨਵਰ ਨੂੰ ਅਪਣੇ ਦਫ਼ਤਰ 'ਚ ਤਲਬ ਕੀਤਾ ਸੀ। ਜਿੱਥੇ ਸਰਪੰਚ ਚਰਨ ਕੌਰ ਨੇ ਲਿਖਤੀ ਰੂਪ 'ਚ ਅਪਣੇ ਬੇਟੇ ਵੱਲੋਂ ਭੜਕਾਊ ਗਾਣੇ ਨਾ ਗਾਉਣ ਦਾ ਭਰੋਸਾ ਦਿੱਤਾ ਗਿਆ ਸੀ। ਬੇਸ਼ੱਕ ਗੀਤ-ਸੰਗੀਤ ਮਨੋਰੰਜਨ ਲਈ ਹੁੰਦੈ ਪਰ ਸਿੱਧੂ ਵੱਲੋਂ ਮੁੜ ਖੜਕੇ-ਦੜਕੇ ਵਾਲਾ ਗੀਤ ਗਾਏ ਜਾਣ 'ਤੇ ਇੰਝ ਪ੍ਰਤੀਤ ਹੋ ਰਿਹਾ ਹੈ ਕਿ ਸਿੱਧੂ ਨੂੰ ਆਪਣੀ ਮਾਂ ਦੇ ਲਿਖਤੀ ਬਿਆਨ ਦੀ ਕੋਈ ਪ੍ਰਵਾਹ ਨਹੀਂ।