ਚੰਡੀਗੜ : ਪੰਜਾਬ ਦੇ ਫਾਇਰ ਬ੍ਰਾਂਡ ਆਗੂ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀ ਪੰਜਾਬ ਦੀ ਕਾਂਗਰਸ ਸਰਕਾਰ ਤੋਂ ਵਿਦਾਈ ਹੋ ਗਈ ਹੈ। ਇਸ ਤੋਂ ਬਾਅਦ ਕਾਂਗਰਸ 'ਚ ਸਿਆਸਤ ਭਖ ਗਈ ਹੈ। ਸਿੱਧੂ ਦੇ ਅਗਲੇ ਕਦਮ 'ਤੇ ਉਨ੍ਹਾਂ ਦੇ ਰਾਜਨੀਤਕ ਭਵਿੱਖ ਨੂੰ ਲੈ ਕੇ ਕਿਆਫ਼ੇ ਲੱਗਣੇ ਸ਼ੁਰੂ ਹੋ ਗਏ ਹਨ। ਦੱਸਿਆ ਜਾਂਦਾ ਹੈ ਕਿ ਕਾਂਗਰਸ ਸਿੱਧੂ ਵਰਗਾ ਆਗੂ ਗੁਆਉਣਾ ਨਹੀਂ ਚਾਹੁੰਦੀ ਤੇ ਉਹ ਕਾਂਗਰਸ ਜਨਰਲ ਸੱਕਤਰ ਪ੍ਰਿਅੰਕਾ ਗਾਂਧੀ ਵਾਡਰਾ ਦੇ ਸੰਪਰਕ 'ਚ ਵੀ ਹਨ। ਅਜਿਹੇ 'ਚ ਸੰਭਾਵਨਾ ਹੈ ਕਿ ਪਾਰਟੀ ਉਨ੍ਹਾਂ ਨੂੰ ਕੋਈ ਮਹੱਤਵਪੂਰਨ ਜ਼ਿੰਮੇਵਾਰੀ ਦੇ ਸਕਦੀ ਹੈ।
ਦੂਜੇ ਪਾਸੇ, ਆਮ ਆਦਮੀ ਪਾਰਟੀ ਤੇ ਬੈਂਸ ਬ੍ਰਦਰਜ਼ ਨੇ ਵੀ ਸਿੱਧੂ ਨੂੰ ਆਪਣੇ ਨਾਲ ਆਉਣ ਦਾ ਸੱਦਾ ਦੇ ਦਿੱਤਾ ਹੈ। ਪੂਰੇ ਮਾਮਲੇ 'ਚ ਸਿੱਧੂ ਪੰਜਾਬ ਦੀ ਸਿਆਸਤ 'ਚ ਕੋਈ ਨਵਾਂ ਪੈਂਤੜਾ ਖੇਡ ਸਕਦੇ ਹਨ।ਦੱਸ ਦੇਈਏ ਕਿ ਕੈਪਟਨ ਨੇ ਸਿੱਧੂ ਦੇ ਆਪਣੇ ਰੁੱਖ਼ 'ਤੇ ਕਾਇਮ ਰਹਿਣ ਤੋਂ ਬਾਅਦ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਕਰਨ ਦਾ ਫੈਸਲਾ ਕੀਤਾ। ਹੁਣ ਸਿੱਧੂ ਦੇ ਅਗਲੇ ਕਦਮ ਨੂੰ ਲੈ ਕੇ ਕਿਆਸਅਰਾਈਆਂ ਤੇਜ਼ ਹੋ ਗਈਆਂ ਹਨ। ਸਿੱਧੂ ਅਸਤੀਫ਼ਾ ਦੇਣ ਤੋਂ ਬਾਅਦ ਚੁੱਪ ਹਨ। ਅਸਤੀਫ਼ਾ ਮਨਜ਼ੂਰ ਹੋਣ ਤੋਂ ਬਾਅਦ ਹੁਣ ਸਿੱਧੂ ਦੇ ਅਗਲੇ ਐਕਸ਼ਨ 'ਤੇ ਨਜ਼ਰਾਂ ਟਿੱਕ ਗਈਆਂ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਸਵੇਰੇ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਸਵੀਕਾਰ ਕੀਤਾ। ਉਨ੍ਹਾਂ ਅਸਤੀਫ਼ੇ ਦੀ ਅੰਤਿਮ ਮਨਜ਼ੂਰੀ ਲਈ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਭੇਜ ਦਿੱਤਾ। ਬਦਨੌਰ ਦੀ ਮਨਜ਼ੂਰੀ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਥਾਂ ਨਵੇਂ ਮੰਤਰੀ ਬਣਾਏ ਜਾਣ ਦੀ ਹਲਚਲ ਸ਼ੁਰੂ ਹੋਵੇਗੀ।