ਪੱਤਰ ਪ੍ਰੇਰਕ : ਆਪਣੀਆਂ ਹੱਕੀ ਮੰਗਾਂ ਲਈ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿੱਚੋਂ ਇਕ ਪ੍ਰਦਰਸ਼ਨਕਾਰੀ ਕਿਸਾਨ ਸ਼ੁਭਕਰਨ ਸਿੰਘ ਦਾ ਬੀਤੇ ਦਿਨੀਂ ਖਨੌਰੀ ਬਾਰਡਰ ਨਜ਼ਦੀਕ ਗੋਲ਼ੀ ਲੱਗਣ ਕਾਰਨ ਮੌਤ ਹੋ ਗਈ ਸੀ, ਜਿਸ ਮਗਰੋਂ ਪੰਜਾਬ ਵਿੱਚ ਕਾਫੀ ਸਿਆਸੀ ਉਥਲ-ਪੁੱਥਲ ਵੀ ਦੇਖਣ ਨੂੰ ਮਿਲੀ। ਕਿਸਾਨ ਆਗੂਆਂ ਵੱਲੋਂ ਸਰਕਾਰ ਮੂਹਰੇ ਸ਼ੁਭਕਰਨ ਦੇ ਮਾਮਲੇ ਨੂੰ ਲੈ ਕੇ ਮੱਥਾ ਵੀ ਡਾਹਿਆ ਗਿਆ। ਇਸ ਸਭ ਮਗਰੋਂ ਅੱਜ ਨੌਜਵਾਨ ਕਿਸਾਨ ਸ਼ੁੱਭਕਰਨ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਉਸ ਦੇ ਜੱਦੀ ਪਿੰਡ ਬੱਲੋ ਵਿਖੇ ਕੀਤਾ ਗਿਆ।
ਸ਼ੁੱਭਕਰਨ ਦਾ ਅੰਤਿਮ ਸਸਕਾਰ ਗੁਰੂ ਘਰ ਦੀ ਪ੍ਰਬੰਧਕੀ ਕਮੇਟੀ ਅਤੇ ਪੰਚਾਇਤ ਵੱਲੋਂ ਮਤਾ ਪਾ ਕੇ ਦਿੱਤੀ ਜ਼ਮੀਨ ’ਚ ਕੀਤਾ ਗਿਆ ਹੈ। ਪਹਿਲਾਂ ਅੰਤਿਮ ਰਸਮਾਂ ਪਿੰਡ ਦੇ ਰਾਮਬਾਗ ’ਚ ਨਿਭਾਉਣ ਦੀ ਗੱਲ ਕਹੀ ਜਾ ਰਹੀ ਸੀ ਪਰ ਬਾਅਦ ’ਚ ਫ਼ੈਸਲਾ ਬਦਲ ਦਿੱਤਾ ਗਿਆ। ਇਸ ਜ਼ਮੀਨ ’ਚ ਹੁਣ ਸ਼ੁੱਭਕਰਨ ਦੀ ਯਾਦਗਾਰ ਵੀ ਬਣਾਉਣ ਦੀ ਗੱਲ ਆਖੀ ਜਾ ਰਹੀ ਹੈ। ਇਸ ਤੋਂ ਪਹਿਲਾਂ ਹਜ਼ਾਰਾਂ ਦੀ ਗਿਣਤੀ 'ਚ ਕਿਸਾਨਾਂ ਦੇ ਕਾਫਲੇ ਨਾਲ ਸ਼ਹੀਦ ਸ਼ੁੱਭਕਰਨ ਸਿੰਘ ਦੀ ਮ੍ਰਿਤਕ ਦੇਹ ਫੁੱਲਾਂ ਨਾਲ ਸਜ਼ੀ ਐਂਬੂਲੈਂਸ ’ਚ ਪਿੰਡ ਬੱਲੋ ਵਿਖੇ ਉਨ੍ਹਾਂ ਦੇ ਜੱਦੀ ਘਰ ਲਿਆਂਦੀ ਗਈ।
ਸ਼ੁੱਭਕਰਨ ਦੀ ਅੰਤਿਮ ਯਾਤਰਾ ਦੌਰਾਨ ਸਤਿਨਾਮ-ਵਾਹਿਗਰੂ ਦਾ ਜਾਪ ਹੋਇਆ ਤੇ ਉਸ ਦੀ ਸੋਚ 'ਤੇ ਪਹਿਰਾ ਦੇਣ ਦੇ ਨਾਅਰੇ ਵੀ ਲੱਗੇ। ਅੰਤਿਮ ਵਿਦਾਈ ਦੇਣ ਤੋਂ ਪਹਿਲਾਂ ਸ਼ਹੀਦ ਦੀਆਂ ਦੋਵਾਂ ਭੈਣਾਂ ਨੇ ਆਪਣੇ ਇਕਲੌਤੇ ਭਰਾ ਦੇ ਸਿਹਰਾ ਸਜਾਇਆ ਤੇ ਅੰਤਿਮ ਵਿਦਾਈ ਦਿੱਤੀ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਸਤਿਕਾਰ ਵਜੋਂ ਸ਼ਹੀਦ ਦੀ ਮ੍ਰਿਤਕ ਦੇਹ 'ਤੇ ਜੱਥੇਬੰਦੀ ਦਾ ਝੰਡਾ ਪਾਇਆ। ਸ਼ਹੀਦ ਦੀ ਮ੍ਰਿਤਕ ਦੇਹ ਨੂੰ ਅਗਨੀ ਉਸ ਦੇ ਪਿਤਾ ਚਰਨਜੀਤ ਸਿੰਘ ਨੇ ਦਿੱਤੀ।
ਸ਼ੁਭਕਰਨ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਅੱਗੇ ਕਤਲ ਦੇ ਦੋਸ਼ੀਆਂ ਖ਼ਿਲਾਫ਼ ਪਰਚਾ ਦਰਜ ਕਰਨ ਅਤੇ ਕੁੱਝ ਹੋਰ ਮੰਗਾਂ ਪੂਰੀਆਂ ਕਰਨ ਦੀ ਸ਼ਰਤ ਰੱਖੀ। ਇਨ੍ਹਾਂ ਮੰਗਾਂ ਨੂੰ ਪੂਰੀਆਂ ਕਰਦਿਆਂ ਸਰਕਾਰ ਨੇ ਹਫਤੇ ਤੋਂ ਜ਼ਿਆਦਾ ਸਮਾਂ ਲਗਾ ਦਿੱਤਾ ਅਤੇ ਹੁਣ ਇੱਕ ਹਫਤੇ ਤੋਂ ਵੀ ਜ਼ਿਆਦਾ ਸਮੇਂ ਮਗਰੋਂ ਮ੍ਰਿਤਕ ਸ਼ੁੱਭਕਰਨ ਦਾ ਅੰਤਿਮ ਸਸਕਾਰ ਉਸ ਦੇ ਜੱਦੀ ਪਿੰਡ ਬੱਲੋ ਵਿਖੇ ਕੀਤਾ ਗਿਆ। ਇਸ ਦੌਰਾਨ ਲੱਖਾਂ ਦੀ ਗਿਣਤੀ 'ਚ ਲੋਕ ਸ਼ੁੱਭਕਰਨ ਸਿੰਘ ਦੇ ਅੰਤਿਮ ਸਸਕਾਰ 'ਚ ਸ਼ਾਮਲ ਹੋਏ।