ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਪੈਸਿਆਂ ਲਈ ਇੱਕ ਧਿਰ ਨੇ ਦੂਜੇ ਧਿਰ ਦੇ ਘਰ ਅੰਦਰ ਦਾਖ਼ਲ ਹੋ ਕੇ ਗੋਲੀਆਂ ਚਲਾ ਦਿੱਤੀਆਂ। ਆਪਣਾ ਬਚਾ ਕਰਨ ਲਈ ਜਦੋ ਘਰ ਦਾ ਜੀਅ ਆਪਣੀ ਪਿਸਤੌਲ ਲੈ ਕੇ ਆਇਆ ਤਾਂ ਦੋਸ਼ੀਆਂ ਨੇ ਪਿਸਤੌਲ ਖੋਹ ਕੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ । ਜਿਸ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਦੌਰਾਨ ਪਿਓ - ਪੁੱਤ ਸਮੇਤ 3 ਲੋਕ ਗੰਭੀਰ ਜਖ਼ਮੀ ਹੋ ਗਏ । ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਮਾਮਲਾ ਦਰਜ਼ ਕਰ ਲਿਆ ਹੈ। ਪੁਲਿਸ ਨੂੰ ਘਟਨਾ ਵਾਲੀ ਥਾਂ ਤੋਂ ਗੋਲੀਆਂ ਦੇ ਖੋਲ ਮਿਲੇ ਹਨ ।
ਜਾਣਕਾਰੀ ਦਿੰਦੇ ਇਲਾਕਾ ਵਾਸੀ ਨੇ ਦੱਸਿਆ ਕਿ ਦੇਰ ਰਾਤ ਕੁਝ ਨੌਜਵਾਨਾਂ ਨੇ ਪੈਸੇ ਮੰਗਣ ਲਈ ਉਨ੍ਹਾਂ ਦਾ ਰਸਤਾ ਰੋਕਿਆ ਸੀ ਪਰ ਉਹ ਬਿਨਾਂ ਗੱਲ ਸੁਣੇ ਘਰ ਆ ਗਿਆ । ਇਸ ਦੌਰਾਨ ਉਕਤ ਨੌਜਵਾਨਾਂ ਵਲੋਂ ਉਸ ਦੇ ਘਰ 'ਤੇ ਹਮਲਾ ਕਰ ਦਿੱਤਾ ਗਿਆ। ਹਮਲਾਵਰਾਂ ਨੇ ਆਉਂਦੇ ਹੀ ਗੋਲੀਆਂ ਚਲਾਈਆਂ ,ਜਿਸ ਤੋਂ ਬਾਅਦ ਸਾਗਰ ਦੇ ਪਿਤਾ ਆਪਣੀ ਪਿਸਤੌਲ ਲੈ ਕੇ ਬਾਹਰ ਆਏ ਤੇ ਸਾਗਰ ਨੂੰ ਅੰਦਰ ਲਿਜਾਣ ਲੱਗੇ ਤਾਂ ਹਮਲਾਵਰਾਂ ਨੇ ਦੁਬਾਰਾ ਹਮਲਾ ਕਰਕੇ ਸਾਗਰ ਦੇ ਪਿਤਾ ਤੋਂ ਉਨ੍ਹਾਂ ਦੀ ਪਿਸਤੌਲ ਖੋਹ ਕੇ ਉਸ ਨਾਲ ਫਾਇਰ ਕਰਨੇ ਸ਼ੁਰੂ ਕਰ ਦਿੱਤੇ । ਇਸ ਘਟਨਾ ਦੌਰਾਨ 3 ਲੋਕ ਗੰਭੀਰ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ। ਫਿਲਹਾਲ ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।