ਜਲੰਧਰ ਪੱਛਮੀ ਤੋਂ ਸ਼ਿਅਦ-ਬ ਉਮੀਦਵਾਰ ਸੁਰਜੀਤ ਕੌਰ ਨੇ ਸਵੇਰੇ ਫੜਿਆ ‘ਆਪ’ ਦਾ ਝਾੜੂ, ਰਾਤ ਨੂੰ ਮੁੜ ਬਾਗ਼ੀ ਧੜੇ ਨਾਲ ‘ਤਕੜੀ’ ਫੜੀ

by vikramsehajpal

ਜਲੰਧਰ (ਸਾਹਿਬ): ਪੱਛਮੀ ਹਲਕੇ ਦੀ ਜ਼ਿਮਨੀ ਚੋਣ ਦਰਮਿਆਨ ਮੰਗਲਵਾਰ ਨੂੰ ਵੱਡੇ ਪੱਧਰ ਦਾ ਸਿਆਸੀ ਡਰਾਮਾ ਹੋਇਆ। ਅਕਾਲੀ ਦਲ ਦੇ ਬਾਗ਼ੀ ਧੜੇ ਦੀ ਹਮਾਇਤ ਹਾਸਲ ਸ਼੍ਰੋਮਣੀ ਆਕਾਲੀ ਦਲ- ਬਾਦਲ (ਸ਼ਿਅਦ-ਬ) ਉਮੀਦਵਾਰ ਸੁਰਜੀਤ ਕੌਰ ਪਰਿਵਾਰ ਸਮੇਤ ਸਵੇਰੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਕਬੂਲਦੇ ਹੋਏ ‘ਆਪ’ ’ਚ ਸ਼ਾਮਲ ਹੋ ਗਈ ਪਰ ਰਾਤ ਨੂੰ ਉਸ ਨੇ ਮੁੜ ਅਕਾਲੀ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ।

ਇਸ ਸਿਆਸੀ ਡਰਾਮੇ ਨੇ ਜਿੱਥੇ ਉਨ੍ਹਾਂ ਦੇ ‘ਆਪ’ ਸ਼ਾਮਲ ਹੋਣ ਨਾਲ ਅਕਾਲੀ ਦਲ ਦੇ ਦੋਵਾਂ ਧੜਿਆ ਨੂੰ ਹੈਰਾਨ-ਪਰੇਸ਼ਾਨ ਕਰ ਦਿੱਤਾ ਸੀ, ਉਥੇ ਹੀ ਰਾਤ ਨੂੰ ਮੁੜ ਅਕਾਲੀ ਦਲ ਦੇ ਬਾਗ਼ੀ ਧੜੇ ਨਾਲ ਬੈਠ ਕੇ ਤੱਕੜੀ ਦੇ ਨਿਸ਼ਾਨ ਚੋਣ ਲੜਨ ਦਾ ਕਹਿ ਕੇ ਇਕ ਵਾਰ ਅਕਾਲੀ ਦਲ ਦੇ ਆਗੂਆ ਤੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸੱਤਾਧਾਰੀ ਧਿਰ ਦੇ ਆਗੂਆ ਨੂੰ ਵੀ ਹੈਰਾਨੀਜਨਕ ਸਿਆਸੀ ਝਟਕਾ ਦਿੱਤਾ।

ਮੁੱਖ ਮੰਤਰੀ ਭਗਵੰਤ ਮਾਨ ਨੇ ਬੀਬੀ ਸੁਰਜੀਤ ਕੌਰ ਨੂੰ ਪਾਰਟੀ ’ਚ ਸ਼ਾਮਲ ਕਰਨ ਮੌਕੇ ਪਰਿਵਾਰ ਦੇ ਸਿਆਸੀ ਪਿਛੋਕੜ ਦੀ ਰੱਜ ਕੇ ਸ਼ਲਾਘਾ ਕੀਤੀ ਪਰ ਉਨ੍ਹਾਂ ਦੇ ਮੁੜ ਅਕਾਲੀ ਬਣਨ ਨਾਲ ਸੱਤਾ ਧਿਰ ਨੂੰ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਸੁਰਜੀਤ ਕੌਰ ਨਾਲ ਸਵਾਗਤੀ ਪ੍ਰੈੱਸ ਕਾਨਫਰੰਸ ਕਰਨ ਵਾਲੇ ‘ਆਪ’ ਆਗੂ ਵੀ ਇਸ ਵਰਤਾਰੇ ਤੋਂ ਹੈਰਾਨ ਹੋ ਰਹੇ ਹਨ।