ਦਿੱਲੀ (ਦੇਵ ਇੰਦਰਜੀਤ) : ਦਿੱਲੀ ਦੀ ਇਕ ਅਦਾਲਤ ਨੇ ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੂੰ ਉਨ੍ਹਾਂ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਇੱਥੇ ਇਕ ਹੋਟਲ ’ਚ ਹੋਈ ਮੌਤ ਦੇ ਮਾਮਲੇ ’ਚ ਬੁੱਧਵਾਰ ਨੂੰ ਦੋਸ਼ ਮੁਕਤ ਕਰ ਦਿੱਤਾ। ਵਿਸ਼ੇਸ਼ ਜੱਜ ਗੀਤਾਂਜਲੀ ਗੋਇਲ ਨੇ ਆਨਲਾਈਨ ਮਾਧਿਅਮ ਨਾਲ ਸੁਣਵਾਈ ਕਰਦੇ ਹੋਏ ਆਦੇਸ਼ ਪਾਸ ਕੀਤਾ। ਥਰੂਰ ਨੇ ਜੱਜ ਦਾ ਆਭਾਰ ਜ਼ਾਹਰ ਕਰਦੇ ਹੋਏ ਕਿਹਾ ਕਿ ਬੀਤੇ ਸਾਢੇ 7 ਸਾਲ ‘ਤਸੀਹਿਆਂ’ ’ਚ ਬੀਤੇ ਅਤੇ ਇਹ ਫ਼ੈਸਲਾ ‘ਵੱਡੀ ਰਾਹਤ’ ਲੈ ਕੇ ਆਇਆ ਹੈ।
ਪੁਲਸ ਨੇ ਅਦਾਲਤ ਤੋਂ ਆਈ.ਪੀ.ਸੀ. ਦੀ ਧਾਰਾ 306 ਖ਼ੁਦਕੁਸ਼ੀ ਲਈ ਉਕਸਾਉਣ ਸਮੇਤ ਵੱਖ-ਵੱਖ ਦੋਸ਼ਾਂ ’ਚ ਦੋਸ਼ ਤੈਅਕਰਨ ਦੀ ਅਪੀਲ ਕੀਤੀ, ਜਦੋਂ ਕਿ ਥਰੂਰ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਵਿਕਾਸ ਪਹਿਵਾ ਨੇ ਅਦਾਲਤ ਨੂੰ ਕਿਹਾ ਕਿ ਐੱਸ.ਆਈ.ਟੀ. ਵਲੋਂ ਕੀਤੀ ਗਈ ਜਾਂਚ ਰਾਜਨੀਤਕ ਨੇਤਾ ਨੂੰ ਉਨ੍ਹਾਂ ਵਿਰੁੱਧ ਲਗਾਏ ਗਏ ਸਾਰੇ ਦੋਸ਼ਾਂ ਤੋਂ ਮੁਕਤ ਕਰਦੀ ਹੈ।
ਪੁਸ਼ਕਰ 17 ਜਨਵਰੀ 2014 ਦੀ ਰਾਤ ਸ਼ਹਿਰ ਦੇ ਇਕ ਲਗਜ਼ਰੀ ਹੋਟਲ ਦੇ ਇਕ ਕਮਰੇ ’ਚ ਮ੍ਰਿਤਕ ਮਿਲੀ ਸੀ। ਜੋੜਾ ਹੋਟਲ ’ਚ ਰੁਕਿਆ ਹੋਇਆ ਸੀ, ਕਿਉਂਕਿ ਉਸ ਸਮੇਂ ਥਰੂਰ ਦੇ ਅਧਿਕਾਰਤ ਬੰਗਲੇ ਦਾ ਨਵੀਨੀਕਰਨ ਕੀਤਾ ਜਾ ਰਿਹਾ ਸੀ। ਥਰੂਰ ’ਤੇ ਦਿੱਲੀ ਪੁਲਸ ਨੇ ਆਈ.ਪੀ.ਸੀ. ਦੀ ਧਾਰਾ 498ਏ ਮਹਿਲਾ ਦੇ ਪਤੀ ਜਾਂ ਪਤੀ ਦੇ ਰਿਸ਼ਤੇਦਾਰ ਵਲੋਂ ਉਸ ’ਤੇ ਬੇਰਹਿਮੀ ਕਰਨਾ ਅਤੇ ਧਾਰਾ 306 ਦੇ ਅਧੀਨ ਦੋਸ਼ ਲਗਾਇਆ ਗਿਆ ਸੀ ਪਰ ਇਸ ਮਾਮਲੇ ’ਚ ਕੋਈ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਸੀ। ਉਨ੍ਹਾਂ ਨੂੰ 5 ਜੁਲਾਈ 2018 ਨੂੰ ਜ਼ਮਾਨਤ ਦੇ ਦਿੱਤੀ ਗਈ ਸੀ।