ਪੱਤਰ ਪ੍ਰੇਰਕ : ਸੋਮਵਾਰ ਨੂੰ ਪੰਜਾਬ ਵਿਧਾਨਸਭਾ ਵਿੱਚ ਸੈਸ਼ਨ ਦਾ ਦੂਜਾ ਦਿਨ ਕਾਫੀ ਹੰਗਾਮੇਦਾਰ ਰਿਹਾ ਹੈ। ਇਸ ਮੌਕੇ ਇਹ ਹੰਗਾਮਾ ਇੱਕ ਤਾਲੇ (ਜਿੰਦਰਾ) ਤੋਂ ਸ਼ੁਰੂ ਹੋਇਆ। ਦਰਅਸਲ, ਸੀਐਮ ਭਗਵੰਤ ਮਾਨ ਸਦਨ ਅੰਦਰ ਤਾਲਾ ਲੈ ਕੇ ਆਏ, ਤਾਂ ਵਿਰੋਧੀ ਧਿਰ ਕਾਂਗਰਸ ਨੇਤਾਵਾਂ ਵਲੋਂ ਇਤਰਾਜ਼ ਜਤਾਇਆ ਗਿਆ ਕਿ ਤਾਲਾ ਕਿਉਂ ਲੈ ਕੇ ਆਏ, ਇਹ ਕੋਈ ਡੈਮੋਕ੍ਰੇਸੀ ਹੈ? ਉੱਥੇ ਹੀ, ਸੀਐਮ ਮਾਨ ਨੇ ਜਵਾਬ ਦਿੱਤਾ ਕਿ ਤੁਸੀ ਰਾਜਪਾਲ ਦਾ ਭਾਸ਼ਣ ਪੂਰਾ ਨਹੀਂ ਹੋਣ ਦਿੱਤਾ, ਕੀ ਇਹ ਡੈਮੋਕ੍ਰੇਸੀ ਹੈ? ਜਾਣੋ ਕਿਵੇਂ ਬਹਿਸਬਾਜ਼ੀ ਵਿਚਾਲੇ ਸੀਐਮ ਮਾਨ ਵਲੋਂ ਕਾਂਗਰਸ ਨੇਤਾਵਾਂ ਦੀਆਂ ਫਾਈਲਾਂ ਖੋਲ੍ਹਣ ਦੀ ਗੱਲ ਕੀਤੀ ਗਈ।
ਤੁਸੀ ਭੱਜ ਜਾਂਦੇ ਹੋ, ਤਾਂ ਤਾਲਾ ਲਿਆਂਦਾ: ਸੀਐਮ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਨੇਤਾਵਾਂ ਦੀ ਹਿਸਟਰੀ ਹੈ ਕਿ ਇਹ ਰੋਜ਼ ਭੱਜ ਜਾਂਦੇ ਹਨ। ਇਸ ਲਈ ਤਾਲਾ ਬਾਹਰੋਂ ਨਹੀਂ, ਅੰਦਰੋ ਲੱਗੇਗਾ, ਤਾਂ ਜੋ ਵਿਰੋਧੀ ਸਦਨ ਅੰਦਰ ਬੈਠਣ। ਲੋਕਾਂ ਨੇ ਇਨ੍ਹਾਂ ਨੂੰ ਚੁਣ ਕੇ ਇੱਥੇ ਭੇਜਿਆ ਹੈ, ਤਾਂ ਜੋ ਬਹਿਸ ਹੋਵੇ, ਲੋਕਾਂ ਦੀ ਗੱਲ ਹੋਵੇ। ਉਨ੍ਹਾਂ ਕਿਹਾ ਕਿ ਨਹੀਂ ਤਾਂ ਇਲਜ਼ਾਮ ਲਾ ਦਿੱਤਾ ਜਾਂਦਾ ਕਿ ਸੱਤਾਧਾਰੀ ਧਿਰ ਨੇ ਵਿਰੋਧੀਆਂ ਨੂੰ ਬਾਹਰ ਕੱਢ ਕੇ ਮਾਰਿਆ,ਜਦਕਿ ਬਹਾਨਾ ਲਾ ਕੇ ਭੱਜ ਜਾਂਦੇ ਹਨ।
ਸੀਐਮ ਮਾਨ ਨੇ ਕਿਹਾ ਕਿ ਇਹ ਤਾਂ ਇੱਥੋਂ ਭੱਜ ਜਾਂਦੇ ਹਨ, ਇਸ ਲਈ ਜੇ ਹੁਣ ਭੱਜੇ ਤਾਂ, ਤਾਲਾ ਲਾ ਦਿੱਤਾ ਜਾਵੇਗਾ, ਪਰ ਭੱਜਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਈ ਵਿੱਚ ਲੋਕ ਇਨ੍ਹਾਂ ਨੂੰ ਜਿੰਦਾ ਲਾਉਣਗੇ, ਇਸ ਤੋਂ ਪਹਿਲਾਂ 2022 ਵਿੱਚ ਲੱਗ ਚੁੱਕਾ। ਸੀਐਮ ਮਾਨ ਨੇ ਕਿਹਾ ਕਿ, "ਬਾਜਵਾ ਸਾਹਿਬ ਵਿੱਚ ਬਹੁਤ ਹੰਕਾਰ ਹੈ, ਲੋਕਾਂ ਕੋਲ ਚਾਬੀ ਹੈ।"
ਸੀਐਮ ਮਾਨ ਨੇ ਕਿਹਾ ਕਿ, "ਤੁਹਾਨੂੰ ਲੋਕਾਂ ਨੇ ਇਸ ਲਈ ਨਹੀਂ ਭੇਜਿਆ ਕਿ ਤੁਸੀ ਮੁਰਦਾਬਾਦ ਦੇ ਨਾਅਰੇ ਲਾਓ ਅਤੇ ਬਾਹਰ ਚਲੇ ਜਾਓ, ਇੱਥੇ ਬੈਠ ਚਰਚਾ ਕਰੋ।"
ਸੀਐਮ ਮਾਨ ਨੇ ਕਿਹਾ ਕਿ, "ਸੋਨੇ ਦੇ ਬਿਸਕਟਾਂ ਵਾਲਿਓ, ਤੁਸੀ ਭੱਜ ਜਾਂਦੇ ਹੋ, ਗੱਲ ਕਰੋ। ਇੱਕ ਹੋਰ ਤਾਲਾ ਦੇ ਦਿੰਦਾ ਬਾਜਵਾ ਜੀ ਦੇ ਮੂੰਹ ਉੱਤੇ ਲਾਓ, ਇਹ ਕੁਝ ਬੋਲਣ ਹੀ ਨਹੀਂ ਦਿੰਦੇ।" ਸੀਐਮ ਮਾਨ ਨੇ ਵਾਰ-ਵਾਰ ਕਿਹਾ ਕਿ, "ਪਹਿਲਾਂ ਮੈਨੂੰ ਬੋਲਣ ਦਿਓ, ਫਿਰ ਜਦੋਂ ਤੁਹਾਡੀ ਵਾਰੀ ਆਊ, ਉਦੋ ਬੋਲੋ।"
ਜਦੋਂ, ਕਾਂਗਰਸੀ ਆਗੂ ਪ੍ਰਤਾਪ ਬਾਜਵਾ ਨੇ ਕਿਹਾ ਸਾਨੂੰ ਕੋਈ ਵੀ ਤਾਲਾ ਨਹੀਂ ਲਾ ਸਕਦਾ, ਤੁਸੀ ਕਿਸਾਨਾਂ ਦੀ ਗੱਲ ਕਰੋ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਿਸਾਨ ਦੁਖੀ ਹਨ ਅਤੇ ਗੋਲੀਆਂ ਚੱਲ ਰਹੀਆਂ ਹਨ। ਇਸ ਉੱਤੇ ਸੀਐਮ ਮਾਨ ਨੇ ਕਿਹਾ ਕਿ, "ਕਿਸਾਨਾਂ ਦੀ ਗੱਲ ਕਰਨੀ, ਇਸ ਲਈ ਬੈਠੋ, ਇਹ ਭੱਜਣ ਦੇ ਬਹਾਨੇ ਲੱਭਦੇ। ਉਨ੍ਹਾਂ ਕਿਹਾ ਗੋਲੀਆਂ ਕੈਪਟਨ ਦੀ ਸਰਕਾਰ ਵੇਲ੍ਹੇ ਵੀ ਚੱਲਦੀਆਂ ਸੀ ਤੇ ਕਿਸਾਨਾਂ ਦੇ ਮਸਲੇ ਵੇਲ੍ਹੇ ਕੈਪਟਨ ਦੇ ਘਰ ਜਾ ਕੇ ਤੁਸੀ ਮੀਟ ਬਣਾਉਂਦੇ ਸੀ, ਕਦੇ ਚਿੱਠੀ ਲਿਖੀ। ਕਦੇ ਪਹਿਲਾਂ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ।"