ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਯੁੱਧਿਆ ਜ਼ਿਲ੍ਹੇ 'ਚ 7 ਸਾਲਾ ਬੱਚੀ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਕੁੜੀ ਆਪਣੇ ਉਮਰ ਵਰਗ ਦੇ ਹੋਰ ਬੱਚਿਆਂ ਨਾਲ ਲੁੱਕਣਮੀਟੀ ਖੇਡ ਰਹੀ ਸੀ ਪਰ ਕਈ ਘੰਟਿਆਂ ਬਾਅਦ ਵੀ ਜਦੋਂ ਉਹ ਨਹੀਂ ਆਈ ਤਾਂ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਬਾਅਦ 'ਚ ਦੇਰ ਰਾਤ ਸਥਾਨਕ ਕੋਤਵਾਲੀ ਥਾਣਾ ਖੇਤਰ ਦੇ ਬੈਰਾਗ ਪੁਰਾ ਮੁਹੱਲੇ 'ਚ ਪੀੜਤਾ ਖੂਨ ਨਾਲ ਲੱਥਪੱਥ ਮਿਲੀ।
ਪੁਲਿਸ ਨੂੰ ਤੁਰੰਤ ਸੂਚਨਾ ਦਿੱਤੀ ਗਈ ਅਤੇ ਪੀੜਤਾ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਪੁਲਿਸ ਨੇ ਕਿਹਾ ਕਿ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ 'ਤੇ ਦੋਸ਼ੀ ਦੀ ਪਛਾਣ ਕੀਤੀ ਗਈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਕੋਲ ਹੀ ਕੰਮ ਕਰ ਰਹੇ ਦੋਸ਼ੀ ਨੇ ਬੱਚੀ ਨੂੰ ਇਕੱਲੇ ਦੇਖਿਆ ਅਤੇ ਇਕ ਸੁੰਨਸਾਨ ਜਗ੍ਹਾ ਲੈ ਗਿਆ, ਜਿੱਥੇ ਉਸ ਨੇ ਉਸ ਨਾਲ ਜਬਰ ਜਨਾਹ ਕੀਤਾ। ਐੱਸ.ਪੀ. ਨੇ ਕਿਹਾ,''ਜਦੋਂ ਪੀੜਤਾ ਨੇ ਰੋਲਾ ਪਾਇਆ ਤਾਂ ਦੋਸ਼ੀ ਦੌੜ ਗਿਆ।'' ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਕੁੜੀ ਦੀ ਹਾਲਤ ਗੰਭੀਰ ਹੈ ਅਤੇ ਉਸ ਦੇ ਗੁਪਤ ਅੰਗਾਂ 'ਤੇ ਸੱਟਾਂ ਲੱਗੀਆਂ ਹਨ ਅਤੇ ਖੂਨ ਵੀ ਕਾਫ਼ੀ ਵਗ ਗਿਆ ਹੈ।