ਜਲੰਧਰ (ਸਾਹਿਬ) : ਜਲੰਧਰ ਅਧੀਨ ਪੈਂਦੇ ਪਿੰਡ ਮੋਖੇ (ਜਿਹੜਾ ਅਲਾਵਲਪੁਰ-ਕਰਤਾਰਪੁਰ ਰਸਤੇ ਵਿਚ ਪੈਂਦਾ ਹੈ) ਦੇ ਨੇੜਿਓਂ ਲੰਘਦੀ ਨਹਿਰ ਜਿਹੜੀ ਅੱਜਕਲ੍ਹ ਪਾਣੀ ਨਾਲ ਭਰੀ ਹੋਈ ਹੈ, ਵਿਚ ਕਿਸੇ ਨੇ ਆਪਣੀ ਪਾਲਤੂ ਗਊ ਨੂੰ ਧੱਕਾ ਮਾਰ ਕੇ ਨਹਿਰ ਵਿਚ ਸੁੱਟ ਦਿੱਤਾ। ਇਹ ਜ਼ੁਲਮ ਇਕ ਗੁੱਜਰ ਵਾਂਗ ਦਿਸਦੇ ਵਿਅਕਤੀ ਅਤੇ ਉਸ ਦੇ ਸਾਥੀ ਨੇ ਕੀਤਾ, ਜਿਨ੍ਹਾਂ ਨੇ ਗਊ ਨੂੰ ਨਹਿਰ ਦੀ ਪਟੜੀ ਦੇ ਉੱਪਰ ਚੜ੍ਹਾ ਕੇ ਉਸ ਨੂੰ ਧੱਕਾ ਦੇ ਕੇ ਪਾਣੀ ਵਿਚ ਸੁੱਟ ਦਿੱਤਾ। ਨਹਿਰ ਕੰਢੇ ਖੜ੍ਹੇ ਇਕ ਵਿਅਕਤੀ ਨੇ ਇਸ ਦੀ ਵੀਡੀਓ ਬਣਾ ਲਈ ਅਤੇ ਜਲੰਧਰ ਦੇ ਗਊ ਸੇਵਕ ਦੀਪਕ ਜੋਤੀ ਨੂੰ ਭੇਜ ਦਿੱਤੀ। ਦੀਪਕ ਨੇ ਤੁਰੰਤ ਇਸ ਘਟਨਾ ਦੇ ਮੱਦੇਨਜ਼ਰ 100 ਨੰਬਰ ’ਤੇ ਫੋਨ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ‘ਇਕ’ਦਬਾਉਣ ਨੂੰ ਕਿਹਾ ਗਿਆ ਅਤੇ ਉਨ੍ਹਾਂ ਦੀ ਸ਼ਿਕਾਇਤ ਦਰਜ ਕਰ ਲਈ ਗਈ। ਉਨ੍ਹਾਂ ਦੱਸਿਆ ਕਿ ਬਾਅਦ ਵਿਚ ਉਨ੍ਹਾਂ ਨੂੰ ਫੋਨ ਨੰਬਰ 0172-2274007 ਤੋਂ ਇਕ ਫੋਨ ਆਇਆ ਅਤੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਜਲੰਧਰ ਪੁਲਸ ਨੂੰ ਮਾਮਲਾ ਰੈਫਰ ਕਰ ਦਿੱਤਾ ਗਿਆ ਹੈ।
ਦੱਸ ਦਈਏ ਕਿ ਦੀਪਕ ਮੁਤਾਬਕ ਮਕਸੂਦਾਂ ਪੁਲਸ ਸਟੇਸ਼ਨ ਤੋਂ ਉਨ੍ਹਾਂ ਨੂੰ ਇਕ ਫੋਨ ਵੀ ਆਇਆ ਅਤੇ ਘਟਨਾ ਬਾਰੇ ਜਾਣਕਾਰੀ ਲੈਣ ਤੋਂ ਬਾਅਦ ਸਬੰਧਤ ਸ਼ਖਸ ਨੇ ਕਾਰਵਾਈ ਦਾ ਭਰੋਸਾ ਵੀ ਦਿੱਤਾ। ਗਊ ਸੇਵਕ ਨੇ ਦੱਸਿਆ ਕਿ ਇਸੇ ਕਾਰਵਾਈ ਦੇ ਨਾਲ-ਨਾਲ ਉਨ੍ਹਾਂ ਡਿਪਟੀ ਕਮਿਸ਼ਨਰ ਜਲੰਧਰ ਨੂੰ ਫੋਨ ਕੀਤਾ। ਉਨ੍ਹਾਂ ਫੋਨ ਨਹੀਂ ਚੁੱਕਿਆ। ਇਸ ਤੋਂ ਬਾਅਦ ਉਨ੍ਹਾਂ ਦੀ ਰਿਹਾਇਸ਼ ਵਾਲੇ ਨੰਬਰ ’ਤੇ ਫੋਨ ਕੀਤਾ ਗਿਆ, ਜਿਥੋਂ ਮੈਸੇਜ ਆਇਆ ਕਿ ਡੀ. ਸੀ. ਸਾਹਿਬ ਅਜੇ ਘਰ ਨਹੀਂ ਪਹੁੰਚੇ। ਇਸ ਲਈ ਮਾਮਲੇ ਦੀ ਜਾਣਕਾਰੀ ਨਿਗਮ ਕਮਿਸ਼ਨਰ ਦੇ ਪੀ. ਏ. ਵਿਨੋਦ ਸ਼ਰਮਾ ਨੂੰ ਦਿੱਤੀ ਜਾਵੇ।
ਓਥੇ ਹੀ ਦੀਪਕ ਜੋਤੀ ਦਾ ਦੋਸ਼ ਹੈ ਕਿ ਜਲੰਧਰ ਪੁਲਸ ਦੇ ਸਬੰਧਤ ਥਾਣੇ ਨੇ ਇਸ ਮਾਮਲੇ ਵਿਚ ਅੱਜ ਕੋਈ ਕਾਰਵਾਈ ਨਹੀਂ ਕੀਤੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੀ ਮੂਕਦਰਸ਼ਕ ਬਣਿਆ ਰਿਹਾ। ਨਿਗਮ ਅਧਿਕਾਰੀਆਂ ’ਤੇ ਵੀ ਸ਼ਿਕਾਇਤ ਦਾ ਕੋਈ ਅਸਰ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਗਊਵੰਸ਼ ’ਤੇ ਅੱਤਿਆਚਾਰ ਅਤੇ ਜ਼ੁਲਮ ਦੇ ਮਾਮਲੇ ਵਧ ਰਹੇ ਹਨ ਅਤੇ ਗਊ ਸੈੱਸ ਦੇ ਪੈਸਿਆਂ ਨੂੰ ਇਧਰ-ਉਧਰ ਖ਼ਰਚ ਕੀਤਾ ਜਾ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਗਊ ਸੈੱਸ ਤੋਂ ਇਕੱਤਰ ਪੈਸਿਆਂ ਨੂੰ ਉਨ੍ਹਾਂ ਦੀ ਭਲਾਈ ’ਤੇ ਹੀ ਖ਼ਰਚੇ ਤਾਂ ਕਿ ਬੇਜ਼ੁਬਾਨ ਜਾਨਵਰਾਂ ਨੂੰ ਕੁਝ ਰਾਹਤ ਮਿਲ ਸਕੇ।