ਨਿਊਜ਼ ਡੈਸਕ : ਸਰਬ ਸਾਂਝੀ ਗੁਰਬਾਣੀ ਦੇ ਪ੍ਰਸਾਰਣ ਸਬੰਧੀ SGPC ਦਾ ਵੱਡਾ ਬਿਆਨ ਆਇਆ ਹੈ। SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਕ ਹਫ਼ਤੇ ਦੇ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਯੂਟਿਊਬ ਚੈਨਲ ਸ਼ੁਰੂ ਕਰੇਗੀ, ਜਿਸ 'ਤੇ ਗੁਰਬਾਣੀ ਦਾ ਪ੍ਰਸਾਰਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਧਾਮੀ ਨੇ ਇਹ ਵੀ ਕਿਹਾ ਕਿ ਜਲਦ ਹੀ ਕਮੇਟੀ ਵੱਲੋਂ ਸੈਟੇਲਾਈਟ ਚੈਨਲ ਦੀ ਸ਼ੁਰੂਆਤ ਵੀ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਸਜੀਪੀਸੀ ਨੂੰ ਚਿੱਠੀ ਲਿਖ ਸਰਬ ਸਾਂਝੀ ਗੁਰਬਾਣੀ ਦੇ ਪ੍ਰਸਾਰਣ ਦੀ ਇਜਾਜ਼ਤ ਸਰਕਾਰ ਨੂੰ ਦੇਣ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਹੀ SGPC ਪ੍ਰਧਾਨ ਦਾ ਇਹ ਬਿਆਨ ਆਇਆ ਹੈ। ਚਿੱਠੀ ਵਿੱਚ ਮਾਨ ਨੇ ਲਿਖਿਆ ਕਿ ਗੁਰਬਾਣੀ ਦੇ ਸੰਦੇਸ਼ ਨੂੰ ਦੁਨੀਆਂ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣਾ ਅੱਜ ਸਮੇਂ ਦੀ ਲੋੜ ਹੈ ਅਤੇ ਸਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਨੂੰ ਇਕੋ ਮਾਧਿਅਮ ਤੱਕ ਸੀਮਤ ਕਰਨ ਦੀ ਬਜਾਏ ਸੈਟੇਲਾਈਟ ਟੀਵੀ ਸਮੇਤ ਸੰਚਾਰ ਦੇ ਹੋਰ ਸਾਧਨਾ ਜਿਵੇਂ ਰੇਡੀਓ, ਐਫਐਮ, ਸੋਸ਼ਲ ਮੀਡੀਆ ਅਤੇ ਮੋਬਾਈਲ ਐਪਸ ਰਾਹੀਂ ਪ੍ਰਸਾਰਤ ਕਰਨ ਦੀ ਆਗਿਆ ਦਿੱਤੀ ਜਾਵੇ।