ਨਵੀਂ ਦਿੱਲੀ (Vikram Sehajpal) : ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਵੱਲੋਂ ਪਾਕਿਸਤਾਨ ਤੋਂ ਕਰਤਾਰਪੁਰ ਲਾਂਘੇ 'ਤੇ ਸ਼ਰਧਾਲੂਆਂ ਤੋਂ 20 ਡਾਲਰ (ਲਗਭਗ 1,420 ਰੁਪਏ) ਨਾ ਵਸੂਲਣ ਦੀ ਅਪੀਲ ਕੀਤੀ ਹੈ। ਮੰਤਰਾਲੇ ਨੇ ਉਮੀਦ ਜਤਾਈ ਹੈ ਕਿ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਮੌਕੇ ਸਮਝੌਤਾ ਭਾਰਤ ਦੇ ਹੱਕ ਵਿੱਚ ਹੋ ਜਾਵੇਗਾ।ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਅਜੇ ਕਰਤਾਰਪੁਰ ਲਾਂਘੇ ਉੱਤੇ ਫ਼ੀਸ ਵਸੂਲਣ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਗਿਆ ਹੈ ਤੇ ਅਜੇ ਤੱਕ ਸਮਝੌਤੇ ਨੂੰ ਅੰਤਿਮ ਰੂਪ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਨੂੰ ਯਾਦਗਾਰ ਵਜੋਂ ਮਨਾਉਣ ਲਈ ਭਾਰਤ ਵਲੋਂ ਚੁੱਕੀ ਗਈ ਇਕ ਮਹੱਤਵਪੂਰਨ ਲੋਕ-ਪਹਿਲ ਹੈ।
ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਨਾਲ ਕਈ ਵਾਰ ਵਿਚਾਰ ਵਟਾਂਦਰੇ ਕਰ ਕੇ ਕਈ ਮੁੱਦਿਆਂ 'ਤੇ ਸਮਝੌਤੇ ਕੀਤੇ ਗਏ ਹਨ, ਪਰ ਅਸੀਂ ਲਾਂਘੇ ਦੀ ਸੇਵਾ ਫ਼ੀਸ ਉੱਤੇ ਕੋਈ ਗੱਲਬਾਤ ਨਹੀਂ ਕਰ ਸਕੇ ਹਾਂ। ਪਾਕਿਸਤਾਨ ਵੱਲੋਂ ਲਾਂਘੇ ਦੀ 20 ਡਾਲਰ (ਲਗਭਗ 1,420 ਰੁਪਏ) ਫ਼ੀਸ ਵਸੂਲਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਅਸੀਂ ਪਾਕਿਸਤਾਨ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਰਧਾਲੂਆਂ ਦੇ ਹਿੱਤਾਂ ਲਈ ਅਜਿਹਾ ਨਾ ਕਰਨ। ਮੰਤਰਾਲੇ ਵੱਲੋਂ ਆਸ ਹੈ ਕਿ ਆਉਣ ਵਾਲੇ ਖ਼ਾਸ ਸਮਾਰੋਹ ਤੱਕ ਸਮਝੌਤਾ ਹੋ ਜਾਵੇ।
ਦੱਸਣਯੋਗ ਹੈ ਕਿ ਲਾਂਘੇ ਦਾ ਕੰਮ ਅਜੇ ਵੀ ਜਾਰੀ ਹੈ ਤੇ ਅਦਾਰਿਆਂ ਵੱਲੋਂ ਇਸ ਨੂੰ 31 ਅਕਤੂਬਰ ਤੱਕ ਪੂਰਾ ਕਰਨ ਦੀ ਆਸ ਕੀਤੀ ਜਾ ਰਹੀ ਹੈ। ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਸਥਿਤ ਹੈ ਜਿਸ ਦੀ ਦੂਰੀ ਭਾਰਤ ਦੇ ਡੇਰਾ ਬਾਬਾ ਨਾਨਕ ਤੋਂ 4.5 ਕਿਲੋ ਮੀਟਰ ਹੈ। ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਸਿੱਖਾਂ ਲਈ ਬਹੁਤ ਸਤਿਕਾਰਯੋਗ ਹੈ, ਕਿਉਂਕਿ ਇੱਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਆਪਣੇ ਜੀਵਨ ਦੇ 18 ਸਾਲ ਬਿਤਾਏ ਗਏ ਸਨ।