ਓਟਾਵਾ (ਦੇਵ ਇੰਦਰਜੀਤ)- ਇਨ੍ਹਾਂ ਗਰਮੀਆਂ ਵਿੱਚ ਬਜ਼ੁਰਗਾਂ ਨੂੰ ਇੱਕ ਸਮੇਂ ਕੀਤੀ ਜਾਣ ਵਾਲੀ ਅਦਾਇਗੀ ਲਈ ਲਿਬਰਲ ਸਰਕਾਰ ਨੇ ਤਰੀਕ ਨਿਰਧਾਰਤ ਕਰ ਦਿੱਤੀ ਹੈ।
ਸੀਨੀਅਰਜ਼ ਮੰਤਰੀ ਦੇਬ ਸੁਲੇ ਦਾ ਕਹਿਣਾ ਹੈ ਕਿ ਅਗਲੀ ਜੁਲਾਈ 75 ਸਾਲਾਂ ਨੂੰ ਢੁੱਕਣ ਵਾਲੇ ਸੀਨੀਅਰਜ਼ ਨੂੰ ਇਸ ਸਾਲ 16 ਅਗਸਤ ਵਾਲੇ ਹਫਤੇ ਵਿੱਚ 500 ਡਾਲਰ ਦਿੱਤੇ ਜਾਣਗੇ। ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਇਹ ਆਰਥਿਕ ਮਦਦ ਓਲਡ ਏਜ ਬੈਨੇਫਿਟਜ਼ ਨੂੰ ਹੁਲਾਰਾ ਦੇਣ ਲਈ ਹੋਵੇਗੀ ਤੇ ਇਸ ਬਾਰੇ ਅਪਰੈਲ ਦੇ ਬਜਟ ਵਿੱਚ ਹੀ ਸਰਕਾਰ ਵੱਲੋਂ ਯੋਜਨਾ ਪੇਸ਼ ਕੀਤੀ ਗਈ ਸੀ।
75 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਫੈਡਰਲ ਸਰਕਾਰ ਵੱਲੋਂ ਓਲਡ ਏਜ ਸਕਿਊਰਿਟੀ ਵਿੱਚ 10 ਫੀਸਦੀ ਵਾਧਾ ਕਰਨ ਦਾ ਐਲਾਨ ਵੀ ਕੀਤਾ ਗਿਆ ਤੇ ਇਹ ਵਾਧਾ ਜੁਲਾਈ 2022 ਵਿੱਚ ਸ਼ੁਰੂ ਹੋਵੇਗਾ। ਇਸ ਤਹਿਤ 3.3 ਮਿਲੀਅਨ ਰਿਟਾਇਰਡ ਲੋਕਾਂ ਨੂੰ 766 ਡਾਲਰ ਐਕਸਟਰਾ ਬੈਨੇਫਿਟਜ਼ ਵਜੋਂ ਹਾਸਲ ਹੋਣਗੇ। ਇਸ ਮਹੀਨੇ ਓਲਡ ਏਜ ਸਕਿਊਰਿਟੀ ਬੈਨੇਫਿਟਸ ਆਟੋਮੈਟਿਕਲੀ 1.3 ਫੀਸਦੀ ਵਧ ਜਾਣਗੇ, ਜਿਸ ਨਾਲ ਵੱਧ ਤੋਂ ਵੱਧ ਪੈਨਸ਼ਨ ਦੀ ਰਕਮ 626 ਡਾਲਰ ਤੱਕ ਅੱਪੜ ਜਾਵੇਗੀ।