ਸ੍ਰੀ ਅਨੰਦਪੁਰ ਸਾਹਿਬ, 27 ਜਨਵਰੀ : ਪੰਥ ਅਤੇ ਪੰਜਾਬ ਦੀ ਪਹਿਰੇਦਾਰ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਨੂੰ ਦਰਪੇਸ਼ ਬਹੁਮੁਖੀ ਤੇ ਬਹੁਪੱਖੀ ਸੰਕਟਾਂ ਦੇ ਹੱਲ ਤਲਾਸ਼ਣ ਲਈ ਉਸਾਰੂ ਮਾਹੌਲ ਅਤੇ ਵਿਆਪਕ ਵਿਚਾਰ-ਪ੍ਰਬੰਧ ਦੀ ਸਿਰਜਣਾ ਦੀ ਪਹਿਲਕਦਮੀ ਕਰਦਿਆਂ ਆਰੰਭੀ ਸੈਮੀਨਾਰਾਂ ਦੀ ਲੜੀ ਤਹਿਤ ‘ਪੰਜਾਬ- ਮੌਜੂਦਾ ਸੰਕਟ ਅਤੇ ਹੱਲ’ ਵਿਸ਼ੇ ‘ਤੇ ਪਹਿਲਾ ਵਿਸ਼ੇਸ਼ ਸੈਮੀਨਾਰ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਵੱਖ-ਵੱਖ ਬੁਲਾਰਿਆਂ ਦੇ ਕੁੰਜੀਵਤ ਭਾਸ਼ਨ ਵਿਚੋਂ ਇਹ ਸਿੱਟਾ ਨਿਕਲਿਆ ਕਿ ਪੰਜਾਬ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਖੇਤਰੀ ਰਾਜਨੀਤੀ ਦੇ ਬਿਰਤਾਂਤ ਨੂੰ ਜਲਵਾਗਰ ਕਰਨਾ ਪਵੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਅਣਡਿੱਠ ਕਰਕੇ ਪੰਜਾਬ ਦੀ ਰਾਜਨੀਤੀ ਦਾ ਪ੍ਰਸੰਗ ਸਿਰਜਣ ਦਾ ਕਿਆਸ ਵੀ ਨਹੀੰ ਕੀਤਾ ਜਾ ਸਕਦਾ।
ਸੈਮੀਨਾਰ ਦੌਰਾਨ ਰੋਜ਼ਾਨਾ ਅਜੀਤ ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ ਨੇ ਸੰਬੋਧਨ ਕਰਦਿਆਂ ਆਖਿਆ ਕਿ ਇਸ ਵੇਲੇ ਬਹੁ-ਸੱਭਿਆਚਾਰੀ ਅਤੇ ਬਹੁ-ਕੌਮੀ ਭਾਰਤ ਦੀ ਸੰਸਕ੍ਰਿਤੀ ਨੂੰ ਜਿਸ ਤਰੀਕੇ ਇਕ ਦੇਸ਼, ਇਕ ਰਾਸ਼ਟਰ ਵਿਚ ਤਬਦੀਲ ਕਰਨ ਦੇ ਵਿਆਪਕ ਮੁਹਿੰਮਕਾਰੀ ਚੱਲ ਰਹੀ ਹੈ, ਉਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਵੱਡੀ ਇਤਿਹਾਸਕ ਅਤੇ ਵਿਰਾਸਤੀ ਭੂਮਿਕਾ ਬਣਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਿਆਂ ਵਿਚਾਲੇ ਸਬੰਧਾਂ ਅਤੇ ਸ਼ਕਤੀ ਨੂੰ ਸੰਤੁਲਿਤ ਕਰਕੇ ਭਾਰਤੀ ਸੰਵਿਧਾਨ ‘ਚ ਲਾਗੂ ਕਰਨ ਲਈ 1983 ‘ਚ ਗਠਿਤ ਸਰਕਾਰੀਆ ਕਮਿਸ਼ਨ ਕੋਲ ਸ਼੍ਰੋਮਣੀ ਅਕਾਲੀ ਦਲ ਵਲੋਂ ਦਿੱਤੇ ਮੁਕੰਮਲ ਤੇ ਸਟੀਕ ਦਸਤਾਵੇਜ਼ ਨੂੰ ਮੁੜ ਪ੍ਰੀਭਾਸ਼ਤ ਕਰਕੇ ਆਪਣੇ ਏਜੰਡੇ ਦਾ ਆਧਾਰ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਬਹੁਮੁਖੀ ਸੰਕਟਾਂ ਵਿਚੋੰ ਗੁਜ਼ਰ ਰਿਹਾ ਹੈ ਤਾਂ ਦੁਨੀਆ ਭਰ ਦੇ ਪੰਜਾਬੀ ਲਗਾਤਾਰ ਦੋ ਵਾਰ ਸੱਤਾ ਤੋਂ ਬਾਹਰ ਹੋਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਵੱਲ ਹੀ ਅਗਵਾਈ ਦੀ ਆਸ ਨਾਲ ਵੇਖ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਅੱਗੇ ਸਿੱਖਾਂ ਦੇ ਧਾਰਮਿਕ ਹਿਤਾਂ ਅਤੇ ਪੰਜਾਬ ਦੇ ਖੇਤਰੀ ਰਾਜਨੀਤਕ ਮੁੱਦਿਆਂ ਦਰਮਿਆਨ ਸੰਤੁਲਨ ਬਣਾ ਕੇ ਚੱਲਣਾ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਪੰਜਾਬ ਵਿਚੋਂ ਹੋ ਰਹੇ ਬੇਰੋਕ ਪਰਵਾਸ ਨੂੰ ਰੋਕ ਕੇ ਇੱਥੇ ਹੀ ਚੰਗੀ ਸਿਹਤ, ਸਿੱਖਿਆ, ਰੁਜ਼ਗਾਰ ਤੇ ਸੁਰੱਖਿਆ ਦਾ ਮਾਹੌਲ ਸਥਾਪਿਤ ਕਰਨ ਲਈ ਖੇਤੀ ਆਧਾਰਿਤ ਉਦਯੋਗ ਸਥਾਪਿਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਚੇਅਰ ਦੇ ਮੁਖੀ ਡਾ. ਰੌਣਕੀ ਰਾਮ ਨੇ ਕਿਹਾ ਕਿ ਪੰਜਾਬ ਵਿਚ ਆਦਿਕਾਲ ਤੋਂ ਜ਼ੁਲਮ ਦੇ ਵਿਰੁੱਧ ਧਰਮ ਯੁੱਧ ਹੁੰਦੇ ਰਹੇ ਹਨ। ਉਨ੍ਹਾਂ ਕਿਹਾ ਕਿ 1920 ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਪੰਥ ਤੇ ਪੰਜਾਬ ਦੇ ਖੇਤਰੀ ਹਿਤਾਂ ਖ਼ਾਤਰ ਧਰਮ-ਯੁੱਧਾਂ ਨਾਲ ਭਰਿਆ ਪਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਬਹੁਪਰਤੀ ਸੰਕਟ ਦਾ ਮੂਲ ਕਾਰਨ ਪੰਜਾਬੀਆਂ ਦਾ ਆਪਣੀ ਵਿਚਾਰਧਾਰਾ ਤੋਂ ਬੇਮੁਖ ਹੋਣਾ ਹੈ, ਜੋ ਏਕਤਾ ‘ਚ ਅਨੇਕਤਾ ਅੰਦਰ ਮਹਿਫੂਜ਼ ਹੈ। ਜੇਕਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਵਿਚਾਰਧਾਰਾ ਨੂੰ ਲੈ ਕੇ ਅੱਗੇ ਤੁਰੇ ਤਾਂ ਖੇਤਰੀ ਰਾਜਨੀਤੀ ਦੇ ਨਾਲ-ਨਾਲ ਪੰਜਾਬ ਦੇ ਭਵਿੱਖ ਨੂੰ ਵੀ ਸੁਰੱਖਿਅਤ ਕੀਤਾ ਜਾ ਸਕਦਾ ਹੈ।
ਪ੍ਰਸਿੱਧ ਅਰਥ-ਸ਼ਾਸਤਰੀ ਡਾ. ਰਣਜੀਤ ਸਿੰਘ ਘੁੰਮਣ ਨੇ ਪੰਜਾਬ ਦੇ ਭਵਿੱਖ ਤੇ ਸੰਭਾਵਨਾਵਾਂ ਦੀ ਗੱਲ ਕਰਦਿਆਂ ਆਖਿਆ ਕਿ ਇੱਥੇ ਚੰਗਾ ਮਾਹੌਲ ਅਤੇ ਸ਼ਾਸਨ ਸਥਾਪਿਤ ਕਰਨ ਲਈ ਵੱਡੀ ਪੱਧਰ ‘ਤੇ ਨਿਵੇਸ਼ ਅਤੇ ਗੁਆਂਢੀ ਦੇਸ਼ ਪਾਕਿਸਤਾਨ ਨਾਲ ਚੰਗਾ ਮਾਹੌਲ ਪੈਦਾ ਕਰਕੇ ਵਪਾਰ ਦੀ ਸਾਂਝ ਵਿਕਸਿਤ ਕਰਨ ਦੀ ਲੋੜ ਹੈ, ਜਿਸ ਦੇ ਲਈ ਇਕ ਖੇਤਰੀ ਪਾਰਟੀ ਹੀ ਨਿੱਠ ਕੇ ਅਗਵਾਈ ਕਰ ਸਕਦੀ ਹੈ, ਜੋ ਸਿਰਫ ਸ਼੍ਰੋਮਣੀ ਅਕਾਲੀ ਦਲ ਹੈ। ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪ੍ਰੋਫੈਸਰ ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਪੰਜਾਬ ਤੇ ਪੰਥ ਦੇ ਹਿਤਾਂ ਲਈ ਸ਼ੁਰੂ ਤੋਂ ਸ਼੍ਰੋਮਣੀ ਅਕਾਲੀ ਦਲ ਹਰ ਸੰਘਰਸ਼ ਲੜਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਨੰਦਪੁਰ ਸਾਹਿਬ ਦਾ ਮਤਾ ਸੂਬਿਆਂ ਨੂੰ ਵੱਧ ਅਧਿਕਾਰ ਅਤੇ ਸੰਘੀ ਢਾਂਚੇ ਦੀ ਵਕਾਲਤ ਕਰਨ ਵਾਲਾ ਦਸਤਾਵੇਜ਼ ਸੀ, ਜਿਸ ਨੂੰ ਕੇਂਦਰੀ ਸਰਕਾਰਾਂ ਨੇ ਗਲਤ ਰੰਗਤ ਦੇ ਕੇ ਸਿੱਖਾਂ ਨੂੰ ਦੇਸ਼ ਅੰਦਰ ਵੱਖਵਾਦੀ ਬਣਾ ਕੇ ਪੇਸ਼ ਕੀਤਾ। ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਸੰਕਟ ਦੂਰ ਕਰਨ ਲਈ ਨੈਤਿਕ ਅਤੇ ਅਕਾਦਮਿਕ ਤੌਰ ‘ਤੇ ਅਗਾਂਹਵਧੂ ਹੋਣ ਦੀ ਲੋੜ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਸੈਮੀਨਾਰ ਵਿਚ ਆਏ ਬੁਲਾਰਿਆਂ ਦੇ ਵਿਚਾਰਾਂ ਦਾ ਸਵਾਗਤ ਕਰਦਿਆਂ ਆਖਿਆ ਕਿ ਪੰਜਾਬ ਦੀ ਵੱਡੀ ਤਰਾਸਦੀ ਇਹ ਹੈ ਕਿ ਇੱਥੇ ਆਮਦਨ ਦਾ ਕੋਈ ਕੁਦਰਤੀ ਸਰੋਤ ਅਤੇ ਬੰਦਰਗਾਹ ਨਹੀਂ ਹੈ, ਜੋ ਕਿ ਅੱਜ ਦੇ ਸਮੇਂ ਵਿਚ ਵਪਾਰ ਤੇ ਉਦਯੋਗੀਕਰਨ ਲਈ ਪਹਿਲੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਆਰਥਿਕ ਤੌਰ ‘ਤੇ ਉੱਚਾ ਚੁੱਕਣ ਲਈ ਫੂਡ ਪ੍ਰੋਸੈਸਿੰਗ, ਛੋਟੇ ਉਦਯੋਗ ਅਤੇ ਲਘੂ ਉਦਯੋਗਾਂ ਦੀ ਵੱਡੀ ਲੋੜ ਹੈ, ਜੋ ਸੜਕੀ, ਹਵਾਈ ਅਤੇ ਬਿਜਲੀ ਸੰਪਰਕ ਨੂੰ ਵਿਕਸਿਤ ਕੀਤੇ ਬਗੈਰ ਪੂਰੀ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਦੌਰਾਨ ਹੀ ਪੰਜਾਬ ਵਿਚ ਸੜਕੀ, ਹਵਾਈ ਅਤੇ ਬਿਜਲੀ ਉਪਲਬਧਤਾ ਦੇ ਨਾਲ-ਨਾਲ ਸਰਚਨਾਤਮਕ ਢਾਂਚੇ ਦਾ ਵਿਸਥਾਰ ਹੋਇਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਉੱਜਲ ਭਵਿੱਖ ਲਈ ਹਰ ਜ਼ਿੰਮੇਵਾਰੀ ਚੁੱਕਣ ਲਈ ਸਮਰੱਥ ਅਤੇ ਤਿਆਰ ਹੈ, ਬਸ਼ਰਤੇ ਇਸ ਦੇ ਲਈ ਪੰਜਾਬ ਵਿਚ ਸਾਕਾਰਾਤਮਕ ਸੋਚ ਬਣਾਈ ਜਾਵੇ।
ਮੰਚ ਸੰਚਾਲਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਖ਼ਿਲਾਫ਼ ਸਿਰਜੇ ਜਾ ਰਹੇ ਬਿਰਤਾਤਾਂ ਨੂੰ ਪੰਜਾਬ ਤੇ ਪੰਥ-ਵਿਰੋਧੀ ਤਾਕਤਾਂ ਦੀ ਵੱਡੀ ਸਾਜ਼ਿਸ਼ਕਾਰੀ ਦਾ ਹਿੱਸਾ ਕਰਾਰ ਦਿੰਦਿਆਂ ਆਖਿਆ ਕਿ ਅੰਕੜਿਆਂ ਨੂੰ ਸਾਹਮਣੇ ਰੱਖ ਲਿਆ ਜਾਵੇ ਤਾਂ ਅਕਾਲੀ ਸਰਕਾਰਾਂ ਦੌਰਾਨ ਹੀ ਪੰਥਕ ਮਸਲਿਆਂ ਦਾ ਸਰਲੀਕਰਨ ਅਤੇ ਪੰਥ ਦਾ ਜਾਹੋ-ਜਲਾਲ ਹੋਇਆ। ਮਿਸਾਲ ਵਜੋਂ ਪਿਛਲੇ ਤਿੰਨ ਦਹਾਕਿਆਂ ਦੌਰਾਨ 1999 ਵਿਚ ਖਾਲਸਾ ਪੰਥ ਦੇ 300 ਸਾਲਾ ਸਾਜਨਾ ਦਿਵਸ ਤੋਂ ਵੱਡਾ ਕੋਈ ਪੰਥਕ ਇਕੱਠ ਨਹੀਂ ਹੋਇਆ, ਜੋ ਅਕਾਲੀ ਸਰਕਾਰ ਦੌਰਾਨ ਹੋਇਆ। ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿਚ ‘ਵਿਰਾਸਤ-ਏ-ਖ਼ਾਲਸਾ’ ਵਰਗੇ ਅਤਿ-ਆਧੁਨਿਕ ਅਜਾਇਬ-ਘਰ ਤੋਂ ਇਲਾਵਾ ਸਿੱਖ ਇਤਿਹਾਸਕ ਯਾਦਗਾਰਾਂ ਵੀ ਅਕਾਲੀ ਸਰਕਾਰਾਂ ਦੌਰਾਨ ਬਣੀਆਂ। ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਕਾਂਗਰਸੀ ਸਰਕਾਰਾਂ ਦੁਆਰਾ ਸਿੱਖਾਂ ਉੱਤੇ ਲੱਗਾਏ ਅੱਤਵਾਦੀ ਦੇ ਧੱਬੇ ਨੂੰ ਧੋਣ ਅਤੇ ਦੇਸ਼ ਵਿਚ ਸਿੱਖਾਂ ਦੇ ਸਵੈਮਾਣ ਨੂੰ ਮੁੜ ਉੱਚਾ ਚੁੱਕਣ ਵਿਚ ਵੀ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਨੇ ਵੱਡੀ ਭੂਮਿਕਾ ਨਿਭਾਈ ਹੈ। ਇਸ ਮੌਕੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਹੀਰਾ ਸਿੰਘ ਗਾਬੜੀਆ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਸ਼੍ਰੋਮਣੀ ਅਕਾਲੀ ਦਲ ਦਾ ਬੁਲਾਰਾ ਅਰਸ਼ਦੀਪ ਸਿੰਘ ਕਲੇਰ, ਸਿਮਰਨਜੀਤ ਸਿੰਘ ਚੰਦੂਮਾਜਰਾ, ਗੁਰਬਖਸ਼ ਸਿੰਘ ਖਾਲਸਾ, ਭਾਈ ਅਮਰਜੀਤ ਸਿੰਘ ਚਾਵਲਾ, ਅਜਮੇਰ ਸਿੰਘ ਖੇੜਾ, ਪਰਮਜੀਤ ਸਿੰਘ ਲੱਖੇਵਾਲ, ਦਲਜੀਤ ਸਿੰਘ ਭਿੰਡਰ, ਗੁਰਿੰਦਰ ਸਿੰਘ ਗੋਗੀ, ਪ੍ਰਿੰ. ਜਸਵੀਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਦੇ ਮੀਡੀਆ ਸਲਾਹਕਾਰ ਤਲਵਿੰਦਰ ਸਿੰਘ ਬੁੱਟਰ, ਗੁਰਪ੍ਰੀਤ ਸਿੰਘ ਰੋਡੇ, ਹਰਦੇਵ ਸਿੰਘ ਹੈਪੀ, ਸੰਦੀਪ ਸਿੰਘ ਕਲੋਤਾ,ਇੰਦਰਪਾਲ ਸਿੰਘ ਚੱਢਾ, ਡਾ. ਹਰਸਿਮਰਨ ਸਿੰਘ ਸ੍ਰੀ ਅਨੰਦਪੁਰ ਸਾਹਿਬ ਸਮੇਤ ਵੱਡੀ ਗਿਣਤੀ ਵਿਚ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।