ਬਠਿੰਡਾ (ਦੇਵ ਇੰਦਰਜੀਤ) -ਸਾਬਕਾ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਬੀਬੀ ਜੰਗੀਰ ਕੌਰ ਪ੍ਰਧਾਨ ਸ਼ੋਮ੍ਰਣੀ ਗੁਰਦੁਆਰਾ ਕਮੇਟੀ ਨੇ ਸ਼ਨੀਵਾਰ ਬਠਿੰਡਾ ਵਿਖੇ ਆਉਣਾ ਸੀ, ਪ੍ਰੰਤੂ ਕਿਸਾਨਾਂ ਦੇ ਵਿਰੋਧ ਕਾਰਨ ਦੋਵੇਂ ਲੀਡਰਾਂ ਨੇ ਬਠਿੰਡਾ ਆਉਣ ਦਾ ਪ੍ਰੋਗਰਾਮ ਹੀ ਰੱਦ ਕਰ ਦਿੱਤਾ।
ਹੋਇਆ ਇੰਝ ਕਿ ਸ਼ਨੀਵਾਰ ਕੇਂਦਰ ਸਰਕਾਰ ਦੇ ਸਮਾਜਿਕ ਇਨਸਾਫ ਅਧਿਕਾਰਤ ਮੰਤਰਾਲੇ ਅਤੇ ਸਮਾਜਿਕ ਇਨਸਾਫ ਤੇ ਅਧਿਕਾਰਤ ਅਤੇ ਦਿਵਿਆਂਗ ਸ਼ਕਤੀਕਰਨ ਵਿਭਾਗ ਵਲੋਂ ਇਕ ਪ੍ਰਾਈਵੇਟ ਮੈਰਿਜ ਪੈਲੇਸ ਵਿਚ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿਚ ਦਿਵਿਆਂਗ ਤੇ ਬਜ਼ੁਰਗਾਂ ਨੂੰ ਟਰਾਈਸਾਈਕਲ ਤੇ ਹੋਰ ਵਸਤਾਂ ਵੰਡੀਆਂ ਜਾਣੀਆਂ ਸਨ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਮੰਤਰਾਲੇ ਦੇ ਰਾਜ ਮੰਤਰੀ ਕ੍ਰਿਸ਼ਨ ਪਾਲ ਗੁੱਜਰ ਪਹੁੰਚ ਚੁੱਕੇ ਸਨ, ਜਦਕਿ ਪ੍ਰਧਾਨਗੀ ਇਲਾਕਾ ਐੱਮ.ਪੀ. ਹਰਸਿਮਰਤ ਕੌਰ ਬਾਦਲ ਵਲੋਂ ਕੀਤੀ ਜਾਣੀ ਸੀ। ਜਿਨ੍ਹਾਂ ਨਾਲ ਬੀਬੀ ਜੰਗੀਰ ਕੌਰ ਦੀ ਕੁਰਸੀ ਵੀ ਲੱਗੀ ਹੋਈ ਸੀ। ਜਦੋਂ ਇਸ ਬਾਰੇ ਕਿਸਾਨ ਜਥੇਬੰਦੀਆਂ ਨੂੰ ਪਤਾ ਲੱਗਿਆ ਤਾਂ ਮੁੱਖ ਧਰਨਾ ਛੱਡ ਕੇ ਉਕਤ ਮੈਰਿਜ ਪੈਲੇਸ ਦੇ ਬਾਹਰ ਪਹੁੰਚ ਗਏ। ਕਿਸਾਨਾਂ ਨੇ ਉਥੇ ਹੀ ਧਰਨਾ ਲਗਾ ਦਿੱਤਾ ਤੇ ਕੇਂਦਰ ਸਰਕਾਰ, ਹਰਸਿਮਰਤ ਕੌਰ ਬਾਦਲ ਅਤੇ ਬੀਬੀ ਜੰਗੀਰ ਕੌਰ ਵਿਰੁੱਧ ਨਾਅਰੇਬਾਜੀ ਸ਼ੁਰੂ ਕਰ ਦਿੱਤੀ।
ਸੂਤਰਾਂ ਅਨੁਸਾਰ ਵਿਰੋਧ ਦਾ ਪਤਾ ਲੱਗਦਿਆਂ ਹ ਅਕਾਲੀ ਲੀਡਰਾਂ ਨੇ ਬਠਿੰਡਾ ਆਉਣ ਦਾ ਪ੍ਰੋਗਰਾਮ ਹੀ ਰੱਦ ਕਰÎ ਦਿੱਤਾ। ਜਦਕਿ ਇਸ ਪਿੱਛੇ ਅਕਾਲੀਆਂ ਨੇ ਤਲਵੰਡੀ ਸਾਬੋ ਵਿਖੇ ਰੱਖੇ ਅਖੰਡ ਪਾਠ ਸਾਹਿਬਾਨ ਦੇ ਭੋਗ ਪਾਏ ਜਾਣਾ ਦੱਸਿਆ।
ਦੂਜੇ ਪਾਸੇ ਕਿਸਾਨਾਂ ਦੇ ਧਰਨੇ ਦੀ ਅਗਵਾਈ ਕਰ ਰਹੇ ਆਗੂਆਂ ਮੋਠੂ ਸਿੰਘ ਕੋਟੜਾ, ਜਗਸੀਰ ਸਿੰਘ, ਸਿਮਰਨਜੀਤ ਸਿੰਘ, ਦੀਨਾ ਸਿੰਘ, ਬਿੱਕਰ ਸਿੰਘ ਆਦਿ ਨੇ ਕਿਹਾ ਕਿ ਜੇਕਰ ਹਰਸਿਮਰਤ ਕੌਰ ਬਾਦਲ ਨੂੰ ਭਾਜਪਾ ਨਾਲ ਐਨਾ ਹੀ ਮੋਹ ਹੈ ਤਾਂ ਉਹ ਕਿਸਾਨ ਹਿਤੈਸ਼ੀ ਹੋਣ ਦੀ ਡਰਾਮੇਬਾਜੀ ਕਿਉਂ ਕਰ ਰਹੇ ਹਨ। ਇਸ ਮੌੇਕੇ ਉਨ੍ਹਾਂ ਕਿਹਾ ਕਿ ਜੰਗੀਰ ਕੌਰ ਸਿੱਖਾਂ ਦੀ ਉੱਚ ਸੰਸਥਾ ਦੀ ਪ੍ਰਧਾਨ ਹੈ ਤੇ ਸਿੱਖਾਂ ਦੇ ਵਿਰੋਧੀਆਂ ਦਾ ਹੀ ਸਾਥ ਦੇ ਰਹੀ ਹੈ।
।