ਜਲੰਧਰ (ਦੇਵ ਇੰਦਰਜੀਤ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਅੱਜ ਫਿਰ ਕਿਸਾਨਾਂ ਦੇ ਹੱਕ ’ਚ ਟਵੀਟ ਕੀਤਾ ਗਿਆ। ਧਰਨੇ ’ਤੇ ਬੈਠੇ ਗੰਨਾ ਕਿਸਾਨਾਂ ਦੇ ਹੱਕ ’ਚ ਟਵੀਟ ਕਰਦੇ ਹੋਏ ਨਵਜੋਤ ਸਿੱਧੂ ਨੇ ਕਿਹਾ ਕਿ ਕਿਸਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨਾ ਸਾਡੀ ਪਹਿਲੀ ਤਰਜੀਹ ਹੈ।
ਗੰਨਾ ਕਿਸਾਨਾਂ ਦੇ ਮਸਲੇ ਨੂੰ ਤੁਰੰਤ ਸੁਹਿਰਦਤਾ ਨਾਲ ਹੱਲ ਕਰਨ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਵਿੱਚ ਕਾਸ਼ਤ ਦੀ ਵਧੇਰੇ ਲਾਗਤ ਹੋਣ ਦੇ ਬਾਵਜੂਦ, ਹਰਿਆਣਾ/ਉੱਤਰ ਪ੍ਰਦੇਸ਼ / ਉੱਤਰਾਖੰਡ ਦੇ ਮੁਕਾਬਲੇ ਰਾਜ ਦੀ ਭਰੋਸੇਯੋਗ ਕੀਮਤ ਬਹੁਤ ਘੱਟ ਹੈ। ਸਿੱਧੂ ਨੇ ਕਿਹਾ ਕਿ ਗੰਨੇ ਦੀ ਤੈਅ ਕੀਤੀ ਗਈ ਕੀਮਤ ਚੰਗੀ ਹੋਣੀ ਚਾਹੀਦੀ ਹੈ।
ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ। ਕਿਸਾਨ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਪੂਰਾ ਹੋਣ ਤੱਕ ਧਰਨਾ ਖ਼ਤਮ ਕਰਨ ਵਾਲੇ ਨਹੀਂ ਹਨ। ਹੁਣ ਗੰਨਾ ਕਿਸਾਨਾਂ ਵੀ ਆਪਣੀਆਂ ਮੰਗਾਂ ਦੇ ਸਬੰਧ ’ਚ ਧਰਨਾ ਲੱਗਾ ਕੇ ਬੈਠੇ ਹੋਏ ਹਨ।
ਕਿਸਾਨਾਂ ਅਤੇ ਪੰਜਾਬ ਸਰਕਾਰ ਵਿਚਾਲੇ ਚੰਡੀਗੜ੍ਹ ਦੇ ਪੰਜਾਬ ਭਵਨ ਵਿੱਚ ਬੀਤੇ ਦਿਨ ਕੀਤੀ ਗਈ ਮੀਟਿੰਗ ਬੇਸਿੱਟਾ ਰਹੀ ਹੈ।
ਕਿਸਾਨਾਂ ਦੇ ਸਬੰਧ ਅਤੇ ਉਨ੍ਹਾਂ ਦੇ ਹੱਕ ’ਚ ਕਾਂਗਰਸ ਕਮੇਟੀ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਲਗਾਤਾਰ ਕਈ ਟਵਿਟ ਕੀਤੇ ਜਾ ਰਹੇ ਹਨ। ਸਿੱਧੂ ਸਰਗਰਮ ਹੋ ਕੇ ਕਿਸਾਨਾਂ ਲਈ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ, ਜਿਸ ਦੇ ਲਈ ਉਹ ਕਈ ਵਾਰ ਆਪਣੀ ਹੀ ਸਰਕਾਰ ਨੂੰ ਲਪੇਟੇ ’ਚ ਲੈ ਚੁੱਕੇ ਹਨ।