ਅੰਮ੍ਰਿਤਸਰ (ਐਨ.ਆਰ.ਆਈ.ਮੀਡਿਆ) : ਪੰਜਾਬ ਸਰਕਾਰ ਨੇ 19 ਅਕਤੂਬਰ ਤੋਂ 9ਵੀਂ ਤੋਂ ਲੈ ਕੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਸਕੂਲ ਖੋਲਣ ਦਾ ਫ਼ੈਸਲਾ ਕੀਤਾ ਹੈ। ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਗ੍ਰਹਿ ਵਿਭਾਗ ਵੱਲੋਂ ਕੰਟੇਨਮੈਂਟ ਜ਼ੋਨਾਂ ਤੋਂ ਬਾਹਰਲੇ ਖੇਤਰਾਂ ਵਿੱਚ ਸਕੂਲ ਮੁੜ ਖੋਲ੍ਹਣ ਸਬੰਧੀ ਗ੍ਰਹਿ ਵਿਭਾਗ ਤੋਂ ਦਿਸ਼ਾ-ਨਿਰਦੇਸ਼ ਜਾਰੀ ਹੋਣ ਤੋਂ ਬਾਅਦ, ਸਕੂਲ ਸਿੱਖਿਆ ਵਿਭਾਗ ਨੇ ਵੀ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਟੈਂਡਰਡ ਅਪਰੇਟਿੰਗ ਪ੍ਰੋਸੀਜਰਜ਼ (ਐਸ.ਓ.ਪੀਜ਼.) ਜਾਰੀ ਕੀਤਾ ਹੈ।
ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ ਮੁੜ ਖੋਲ੍ਹਣ ਤੋਂ ਬਾਅਦ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਉਨ੍ਹਾਂ ਦੀ ਸਰਕਾਰ ਦੀ ਮੁੱਖ ਤਰਜੀਹ ਹੋਵੇਗੀ ਅਤੇ ਸਕੂਲਾਂ ਵਿੱਚ ਐਸ.ਓ.ਪੀਜ਼. ਲਾਗੂ ਕਰਵਉਣ ਲਈ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀਆਂ ਵਿਸ਼ੇਸ਼ ਟੀਮਾਂ ਕਾਇਮ ਕੀਤੀਆਂ ਜਾਣਗੀਆਂ।ਉਨ੍ਹਾਂ ਅੱਗੇ ਕਿਹਾ ਕਿ ਭਾਵੇਂ ਸਕੂਲਾਂ ਨੂੰ ਮੁੜ ਖੋਲ੍ਹਿਆ ਜਾ ਰਿਹਾ ਹੈ ਪਰ ਆਨਲਾਈਨ ਸਿੱਖਿਆ ਹੀ ਅਧਿਆਪਨ ਦਾ ਤਰਜੀਹੀ ਤਰੀਕਾ ਰਹੇਗੀ ਅਤੇ ਸਾਰੇ ਵਿਦਿਆਰਥੀਆਂ ਦੀ ਹਾਜ਼ਰੀ ਲਾਜ਼ਮੀ ਨਹੀਂ ਹੋਵੇਗੀ।
ਉਨ੍ਹਾਂ ਕਿਹਾ ਕਿ ਅਧਿਆਪਕ ਪਹਿਲਾਂ ਹੀ ਆਨਲਾਈਨ ਕਲਾਸਾਂ ਲੈ ਰਹੇ ਹਨ ਅਤੇ ਜੇ ਕੁੱਝ ਵਿਦਿਆਰਥੀ ਨਿੱਜੀ ਤੌਰ ਉਤੇ ਹਾਜ਼ਰ ਹੋਣ ਦੀ ਥਾਂ ਆਨਲਾਈਨ ਕਲਾਸਾਂ ਲਾਉਣ ਨੂੰ ਹੀ ਤਰਜੀਹ ਦਿੰਦੇ ਹਨ ਤਾਂ ਉਹ ਅਜਿਹਾ ਕਰ ਸਕਣਗੇ। ਵਿਦਿਆਰਥੀ ਆਪਣੇ ਮਾਪਿਆਂ ਦੀ ਲਿਖਤੀ ਸਹਿਮਤੀ ਮਗਰੋਂ ਹੀ ਸਕੂਲਾਂ ਵਿੱਚ ਜਾ ਕੇ ਕਲਾਸਾਂ ਲਾ ਸਕਣਗੇ। ਸਿੰਗਲਾ ਨੇ ਦੱਸਿਆ ਕਿ ਮਾਪਿਆਂ ਨੂੰ ਇਹ ਗੱਲ ਯਕੀਨੀ ਬਣਾਉਣੀ ਹੋਵੇਗੀ ਕਿ ਉਨ੍ਹਾਂ ਦਾ ਬੱਚਾ ਮਾਸਕ ਪਾ ਕੇ ਹੀ ਸਕੂਲ ਜਾਵੇ ਅਤੇ ਉਹ ਦੂਜਿਆਂ ਨਾਲ ਮਾਸਕ ਦੀ ਅਦਲਾ-ਬਦਲੀ ਨਾ ਕਰੇ।