ਓਂਟਾਰੀਓ (ਸਾਹਿਬ) - ਬਰਨਾਲਾ ਦੇ ਪਿੰਡ ਅਤਰਗੜ੍ਹ ਦੀ ਇਕ (24) ਸਾਲਾ ਮੁਟਿਆਰ ਸਤਵੀਰ ਕੌਰ ਨੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਦਿਆਂ ਹੋਇਆਂ ਮਿਹਨਤ ਦੇ ਦਮ 'ਤੇ ਕੈਨੇਡਾ 'ਚ ਸਹਾਇਕ ਜੇਲ੍ਹ ਸੁਪਰਡੈਂਟ ਬਣਕੇ ਜ਼ਿਲ੍ਹਾ ਬਰਨਾਲਾ ਦਾ ਮਾਣ ਵਧਾਇਆ ਹੈ। ਉਸ ਦੀ ਇਸ ਪ੍ਰਾਪਤੀ 'ਤੇ ਪਿੰਡ ਅਤਰਗੜ੍ਹ 'ਚ ਖੁਸ਼ੀ ਦਾ ਮਾਹੌਲ ਹੈ। ਗੱਲਬਾਤ ਕਰਦਿਆਂ ਹੋਇਆਂ ਸਤਵੀਰ ਕੌਰ ਦੇ ਪਿਤਾ ਹਰਬੰਸ ਸਿੰਘ ਨੇ ਦੱਸਿਆ ਕਿ ਸਤਵੀਰ ਕੌਰ ਚਾਰ ਭੈਣ-ਭਰਾਵਾਂ ਵਿਚੋਂ ਸਭ ਤੋਂ ਵੱਡੀ ਹੈ, ਜਿਸ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਦੇ ਹੀ ਪ੍ਰਾਈਵੇਟ ਮਸਕਟ ਸਕੂਲ ਵਿਚ ਕੀਤੀ ਤੇ 12 ਕਲਾਸ ਮੈਡੀਕਲ ਨਾਲ ਕਿੰਗਜ਼ ਬਰਨਾਲਾ ਤੋਂ ਕਰਦਿਆਂ ਹੋਇਆਂ 2018 ਵਿਚ ਕੈਨੇਡਾ ਦੇ ਸ਼ਹਿਰ ਵਿੰਨੀਪੈਗ ਵਿਚ ਪੜ੍ਹਨ ਲਈ ਗਈ।
ਕੈਨੇਡਾ ਵਿਚ ਉਸ ਨੇ ਪੜ੍ਹਾਈ ਪੂਰੀ ਕਰਨ ਉਪਰੰਤ ਸਰਕਰੀ ਬੱਸ ਦੇ ਡਰਾਈਵਰ ਵੱਜੋਂ ਨੌਕਰੀ ਹਾਸਲ ਕੀਤੀ। ਪਰ ਸਤਵੀਰ ਕੌਰ ਇਸ ਤੋਂ ਵੱਡਾ ਮੁਕਾਮ ਹਾਸਲ ਕਰਨਾ ਚਾਹੁੰਦੀ ਸੀ। ਉਸ ਨੇ ਡਰਾਇਵਰੀ ਦੇ ਨਾਲ-ਨਾਲ ਸਹਾਇਕ ਜੇਲ੍ਹ ਸੁਪਰਡੈਂਟ ਵੱਜੋਂ 16 ਅਗਸਤ 2024 ਨੂੰ ਆਪਣੀ ਟ੍ਰੇਨਿੰਗ ਪੂਰੀ ਕਰਦਿਆਂ ਉਸ ਦੀ ਚੋਣ ਹੋ ਗਈ ਤੇ ਉਹ ਹੁਣ ਕੇਨੈਡਾ ਦੇ ਅਲਬਰਟਾ ਸ਼ਹਿਰ ਤੋਂ ਕਰੀਬ 300 ਕਿਲੋਮੀਟਰ ਟਾਪੂ 'ਤੇ ਬਣੀ ਜੇਲ੍ਹ ਵਿਚ ਉਸ ਨੂੰ ਸਹਾਇਕ ਜੇਲ੍ਹ ਸੁਪਰਡੈਂਟ ਵੱਜੋਂ ਤਾਇਨਾਤ ਕੀਤਾ ਗਿਆ। ਇੱਥੇ ਉਹ 9 ਸਤੰਬਰ 2024 ਨੂੰ ਆਪਣੀ ਡਿਊਟੀ ਸ਼ੁਰੂ ਕਰ ਦੇਵੇਗੀ। ਉਸ ਦੇ ਪਿਤਾ ਨੇ ਦੱਸਿਆ ਕਿ ਸਾਡੀ ਧੀ ਦੀ ਮਿਹਨਤ ਰੰਗ ਲਿਆਈ ਹੈ। ਉਨ੍ਹਾਂ ਨੂੰ ਇਸ ਨਿਯੁਕਤੀ 'ਤੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ।