ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੈਕਸੀਕੋ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਪੁਲਿਸ ਨੇ ਇੱਕ ਵਿਅਕਤੀ ਨੂੰ ਆਪਣੀ ਪਤਨੀ ਦੇ ਦਿਮਾਗ ਨੂੰ ਟੈਕੋਸ 'ਚ ਖਾਣ ਤੇ ਨਸ਼ੇ 'ਚ ਉਸ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਖੋਪੜੀ ਨੂੰ ਐਸ਼ਟ੍ਰੇ ਵਜੋਂ ਵਰਤਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਪਤੀ ਅਲਵਾਰੋ ਤੇ ਪੀੜਤਾ ਮਾਰੀਆਂ ਦਾ ਵਿਆਹ 1 ਸਾਲ ਤੋਂ ਘੱਟ ਸਮਾਂ ਪਹਿਲਾਂ ਹੋਇਆ ਸੀ ਤੇ ਪਿਛਲੇ ਵਿਆਹ ਤੋਂ ਮਹਿਲਾ ਦੀਆਂ 2 ਧੀਆਂ ਹਨ। ਸਭ ਤੋਂ ਛੋਟੀ ਬੱਚੀ ਦੀ ਉਮਰ 12 ਸਾਲ ਤੇ ਵੱਡੀ ਕੁੜੀ ਦੀ ਉਮਰ 23 ਸਾਲ ਹੈ।
ਪੁੱਛਗਿੱਛ ਦੌਰਾਨ ਦੋਸ਼ੀ ਅਲਵਾਰੋ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਇਸ ਵਾਰਦਾਤ ਨੂੰ ਸ਼ੈਤਾਨ ਦੇ ਹੁਕਮ 'ਤੇ ਕੀਤਾ। ਪਤਨੀ ਦਾ ਕਤਲ ਕਰਨ ਤੋਂ ਬਾਅਦ ਉਸ ਨੇ ਲਾਸ਼ ਦੇ ਟੁੱਕੜੇ ਕੀਤੇ ਤੇ ਫਿਰ ਅੰਗਾਂ ਨੂੰ ਥੈਲੀਆਂ 'ਚ ਭਰ ਦਿੱਤਾ। ਦੋਸ਼ੀ ਨੇ ਕੁਝ ਅੰਗਾਂ ਨੂੰ ਸੁੱਟ ਦਿਤਾ ਤੇ ਬਾਕੀ ਘਰ ਰੱਖ ਲਏ। ਕੁਝ ਦਿਨਾਂ ਬਾਅਦ ਦੋਸ਼ੀ ਨੇ ਆਪਣਾ ਗੁਨਾਹ ਕਬੂਲ ਕਰਨ ਲਈ ਆਪਣੀ ਮਤਰੇਈ ਧੀ ਨੂੰ ਬੁਲਾਇਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ।