ਝਬਾਲ (ਰਾਘਵ): ਤਰਨਤਾਰਨ ਵਿਧਾਨ ਸਭਾ ਹਲਕੇ ਦੇ ਪਿੰਡ ਲਾਲੂਘੁੰਮਣ ’ਚ ਔਰਤ ਦੀ ਆਤਮਿਕ ਸ਼ਾਂਤੀ ਲਈ ਚੱਲ ਰਹੇ ਸਮਾਗਮ ਦੌਰਾਨ ਬਾਈਕ ਸਵਾਰ ਅਣਪਛਾਤੇ ਵਿਅਕਤੀ ਨੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਸਰਪੰਚ ਪ੍ਰਤਾਪ ਸਿੰਘ ਦੀ ਮੌਤ ਹੋ ਗਈ ਜਦੋਂਕਿ ਦੋ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ’ਤੇ ਆਇਆ ਵਿਅਕਤੀ ਗੋਲ਼ੀਆਂ ਚਲਾ ਕੇ ਜਦੋਂ ਫਰਾਰ ਹੋ ਰਿਹਾ ਸੀ। ਉੱਥੇ ਮੌਜੂਦ ਲੋਕਾਂ ਨੇ ਮੁਲਜ਼ਮ ਨੂੰ ਇੱਟ ਮਾਰੀ, ਜੋ ਉਸਦੇ ਸਿਰ 'ਚ ਲੱਗੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੱਟ ਵੱਜਣ ਕਾਰਨ ਉਸਦੇ ਸਿਰ ਤੇ ਮੂੰਹ ’ਤੇ ਬੰਨ੍ਹਿਆ ਕੱਪੜਾ ਉਤਰ ਗਿਆ ਪਰ ਉਸਦੀ ਅਜੇ ਤਕ ਪਛਾਣ ਨਹੀਂ ਹੋ ਸਕੀ। ਘਟਨਾ ਦਾ ਪਤਾ ਚੱਲਦਿਆਂ ਹੀ ਥਾਣਾ ਝਬਾਲ ਦੀ ਪੁਲਿਸ ਮੌਕੇ ’ਤੇ ਪੁੱਜ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਜ਼ਿਕਰਯੋਗ ਹੈ ਕਿ ਤਰਨਤਾਰਨ ਦੇ ਪਿੰਡ ਲਾਲੂ ਘੁੰਮਣ ਤੋਂ ‘ਆਪ’ ਆਗੂ ਪ੍ਰਤਾਪ ਸਿੰਘ ਨੂੰ ‘ਆਪ’ ਨੇ ਆਪਣਾ ਉਮੀਦਵਾਰ ਬਣਾਇਆ ਸੀ। ਪ੍ਰਤਾਪ ਸਿੰਘ ਬਿਨਾਂ ਮੁਕਾਬਲਾ ਸਰਪੰਚ ਚੁਣੇ ਗਏ। ਪਿੰਡ ਵਾਸੀ ਮਹਿੰਦਰ ਸਿੰਘ ਦੀ ਪਤਨੀ ਵੀਰ ਕੌਰ ਦੀ ਬੀਤੇ ਦਿਨ ਮੌਤ ਹੋ ਗਈ ਸੀ। ਉਨ੍ਹਾਂ ਦੀ ਅੰਤਿਮ ਅਰਦਾਸ ਲਈ ਗੁਰਦੁਆਰਾ ਬਾਬਾ ਖੜਕ ਸਿੰਘ ਵਿਖੇ ਇਕੱਤਰਤਾ ਹੋਈ। ਸਰਪੰਚ ਪ੍ਰਤਾਪ ਸਿੰਘ ਅੰਤਿਮ ਅਰਦਾਸ ਉਪਰੰਤ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਰਹੇ ਸਨ। ਉਦੋਂ ਬਾਈਕ ਸਵਾਰ ਨੌਜਵਾਨ ਨੇ ਪੰਜ ਰਾਉਂਡ ਫਾਇਰ ਕੀਤੇ। ਸਰਪੰਚ ਪ੍ਰਤਾਪ ਸਿੰਘ ਨੂੰ ਦੋ ਗੋਲ਼ੀਆਂ ਲੱਗੀਆਂ। ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਬੁੱਧ ਸਿੰਘ ਅਤੇ ਭਗਵੰਤ ਸਿੰਘ ਜ਼ਖਮੀ ਹੋ ਗਏ।