ਨਵੀਂ ਦਿੱਲੀ (UNITED NRI POST) : ਈਡੀ ਦਾ ਦਾਅਵਾ ਹੈ ਕਿ ਸੰਦੇਸਰਾ ਭਰਾਵਾਂ ਨੇ ਨੀਰਵ ਮੋਦੀ ਤੋਂ ਵੱਡਾ ਬੈਂਕ ਘੁਟਾਲਾ ਕੀਤਾ ਹੈ। ਈਡੀ ਨੇ ਕਿਹਾ ਕਿ ਜਾਂਚ ਏਜੰਸੀਆਂ 'ਚ ਸਟਰਲਿੰਗ ਬਾਇਟੈੱਕ ਲਿਮ. (ਐੱਸਬੀਐੱਲ), ਸੰਦੇਸਰਾ ਸਮੂਹ ਤੇ ਇਸ ਦੇ ਪ੍ਰੋਮਟਰਾਂ, ਨਿਤਿਨ ਸੰਦੇਸਰਾ, ਚੇਤਨ ਸੰਦੇਸਰਾ ਤੇ ਦੀਪਤੀ ਸੰਦੇਸਰਾ ਨੇ ਭਾਰਤੀ ਬੈਂਕਾਂ ਨਾਲ ਲਗਪਗ 14,500 ਕਰੋੜ ਰੁਪਏ ਦਾ ਘੁਟਾਲਾ ਕੀਤਾ ਜਦਕਿ ਨੀਰਵ ਮੋਦੀ 'ਤੇ ਪੰਜਾਬ ਨੈਸ਼ਨਲ ਬੈਂਕ ਦੇ 11,400 ਕਰੋੜ ਰੁਪਏ ਦੇ ਘੁਟਾਲੇ ਦਾ ਦੋਸ਼ ਹੈ।ਸੀਬੀਆਈ ਨੇ 5,383 ਕਰੋੜ ਰੁਪਏ ਦੇ ਬੈਂਕ ਘੁਟਾਲੇ ਦੇ ਦੋਸ਼ 'ਚ ਸੰਦੇਸਰਾ ਸਮੂਹ ਦੀਆਂ ਕੰਪਨੀਆਂ ਤੇ ਉਸ ਦੇ ਪ੍ਰਮੋਟਰਾਂ ਵਿਰੁੱਧ ਅਕਤੂਬਰ 2017 'ਚ ਐੱਫਆਈਆਰ ਦਰਜ ਕੀਤੀ ਸੀ। ਉਸ ਤੋਂ ਬਾਅਦ ਈਡੀ ਨੇ ਵੀ ਇਕ ਐੱਫਆਈਆਰ ਦਰਜ ਕੀਤੀ।
ਈਡੀ ਦੀ ਜਾਂਚ 'ਚ ਪਤਾ ਲੱਗਾ ਕਿ ਸੰਦੇਸਰਾ ਸਮੂਹ ਦੀਆਂ ਵਿਦੇਸ਼ਾਂ ਵਿਚ ਸਥਿਤ ਕੰਪਨੀਆਂ ਨੇ ਭਾਰਤੀ ਬੈਂਕਾਂ ਦੀਆਂ ਵਿਦੇਸ਼ੀ ਸ਼ਾਖਾਵਾਂ ਤੋਂ 9 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲਿਆ ਸੀ।ਸੰਦੇਸਰਾ ਸਮੂਹ ਨੇ ਬੈਂਕਾਂ ਤੋਂ ਭਾਰਤੀ ਰੁਪਏ ਦੇ ਨਾਲ-ਨਾਲ ਵਿਦੇਸ਼ੀ ਕਰੰਸੀ 'ਚ ਵੀ ਕਰਜ਼ਾ ਲਿਆ। ਸਮੂਹ ਦੀਆਂ ਕੰਪਨੀਆਂ ਨੂੰ ਆਂਧਰਾ ਬੈਂਕ, ਯੂਕੋ ਬੈਂਕ, ਸਟੇਟ ਬੈਂਕ ਆਫ ਇੰਡੀਆ (ਐੱਸਬੀਆਈ), ਇਲਾਹਾਬਾਦ ਬੈਂਕ ਤੇ ਬੈਂਕ ਆਫ ਇੰਡੀਆ ਦੀ ਅਗਵਾਈ ਵਾਲੇ ਬੈਂਕਾਂ ਦੇ ਕੰਸਟੋਰੀਅਮ ਨੇ ਕਰਜ਼ਾ ਪਾਸ ਕੀਤਾ।ਈਡੀ ਮੁਤਾਬਕ ਕਰਜ਼ੇ ਤੋਂ ਮਿਲੀ ਰਕਮ ਬਿਨਾਂ ਪ੍ਰਵਾਨਗੀ ਵਰਤੀ ਗਈ ਤੇ ਕੁਝ ਰਕਮ ਨੂੰ ਫ਼ਰਜ਼ੀ ਦੇਸੀ-ਵਿਦੇਸ਼ੀ ਸੰਸਥਾਵਾਂ ਜ਼ਰੀਏ ਏਧਰੋਂ-ਓਧਰ ਟਰਾਂਸਫਰ ਕੀਤਾ ਗਿਆ।
ਮੁੱਖ ਪ੍ਰਮੋਟਰਾਂ ਨੇ ਕਰਜ਼ੇ ਦੀ ਰਕਮ ਨਾ ਕੇਵਲ ਨਾਈਜ਼ੀਰੀਆ 'ਚ ਆਪਣੇ ਤੇਲ ਕਾਰੋਬਾਰ 'ਚ ਨਿਵੇਸ਼ ਕੀਤੀ ਬਲਕਿ ਇਸ ਦੀ ਨਿੱਜੀ ਉਦੇਸ਼ 'ਚ ਵੀ ਵਰਤੋਂ ਕੀਤੀ। ਈਡੀ ਨੇ 27 ਜੂਨ ਨੂੰ ਐੱਸਬੀਐੱਲ-ਸੰਦੇਸਰਾ ਸਮੂਹ ਦੀਆਂ ਕਰੀਬ 9,778 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ। ਸੰਦੇਸਰਾ ਦੀਆਂ ਵਿਦੇਸ਼ ਸਥਿਤ ਜ਼ਬਤ ਦਾਇਦਾਦਾਂ 'ਚ ਇਕ ਨਿੱਜੀ ਜਹਾਜ਼, ਚਾਰ ਜਹਾਜ਼, ਕੱਚਾ ਤੇਲ ਕੱਢਣ ਵਾਲੇ ਚਾਰ ਪਲੇਟਫਾਰਮ (ਰਿਗਜ਼), ਇਕ ਆਇਲ ਫੀਲਡ ਤੇ ਲੰਡਨ ਸਥਿਤ ਇਕ ਫਲੈਟ ਸ਼ਾਮਲ ਹਨ। 200 ਗਲਫਸਟ੍ਰੀਮ ਜਹਾਜ਼ ਅਮਰੀਕਾ 'ਚ ਰਜਿਸਟਰਡ ਹਨ। ਤੁਲਜਾ ਭਵਾਨੀ, ਵਿ੍ੰਦਾ, ਭਾਵਯਾ ਤੇ ਬ੍ਰਾਹਮਣੀ ਨਾਂ ਦੇ ਚਾਰ ਜਹਾਜ਼ ਪਨਾਮਾ ਵਿਚ ਰਜਿਸਟਰਡ ਹਨ। ਚਾਰ ਆਇਲ ਰਿਗਜ਼ ਤੇ ਆਇਲ ਫੀਲਡ ਨਾਈਜ਼ੀਰੀਆ ਵਿਚ ਹਨ। ਨਿਤਿਨ ਸੰਦੇਸਰਾ, ਚੇਤਨ ਸੰਦੇਸਰਾ ਤੇ ਦੀਪਤੀ ਸੰਦੇਸਰਾ ਸਟਰਲਿੰਗ ਬਾਇਟੈੱਕ ਲਿਮ. ਜਾਂ ਸੰਦੇਸਰਾ ਸਮੂਹ ਦੇ ਪ੍ਰਮੁੱਖ ਪ੍ਰਮੋਟਰ ਹਨ। ਨਿਤਿਨ ਵਿਦੇਸ਼ ਵਿਚ ਕਾਰੋਬਾਰ ਸੰਭਾਲਦਾ ਹੈ ਜਦਕਿ ਚੇਤਨ ਵਡੋਦਰਾ, ਮੁੰਬਈ, ਦਿੱਲੀ ਤੇ ਮਸੂਰੀ ਦੇ ਦਫ਼ਤਰਾਂ ਦਾ ਕੰਮਕਾਰ ਵੇਖਦਾ ਹੈ।