ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨਕੋਦਰ ਦੇ ਪਿੰਡ ਮੱਲ੍ਹੀਆਂ ਖੁਰਦ ਵਿਚ ਕਬੱਡੀ ਟੂਰਨਾਮੈਂਟ ਦੌਰਾਨ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕੀਤੇ ਗਏ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਕਾਂਡ ਵਿਚ ਨਵਾਂ ਮੋੜ ਆ ਗਿਆ ਹੈ। ਇਸ ਕਤਲ ਦੀ ਜ਼ਿੰਮੇਵਾਰੀ ਕਥਿਤ ਤੌਰ ’ਤੇ ਲਾਰੈਂਸ ਬਿਸ਼ਨੋਈ ਗਰੁੱਪ ਨੇ ਲਈ ਹੈ। ਲਾਰੈਂਸ ਬਿਸ਼ਨੋਈ ਗਰੁੱਪ ਨਾਂ ਦੀ ਆਈ. ਡੀ. ’ਤੇ ਲਿਖਿਆ ਗਿਆ ਹੈ ਕਿ ਸੰਦੀਪ ਨੰਗਲ ਅੰਬੀਆਂ ਨੂੰ ਨਰਕ ਵੱਲ ਅਸੀਂ ਹੀ ਭੇਜਿਆ ਹੈ ਤੇ ਇਸ ਦਾ ਕਸੂਰ ਇਹ ਸੀ ਕਿ ਇਸ ਨੇ ਸਾਡੇ ਗਰੁੱਪ ਨਾਲ ਧੋਖਾ ਕਰਦੇ ਹੋਏ ਆਪਣਾ ਕੰਮ ਕਢਵਾ ਲਿਆ ਅਤੇ ਫਿਰ ਲਾਰਾ ਲਗਾਈ ਰੱਖਿਆ ਅਤੇ ਬਾਅਦ ਵਿਚ ਵਿਦੇਸ਼ ਭੱਜ ਗਿਆ, ਅਸੀਂ ਇਸ ਨੂੰ ਮਾਰਿਆ ਹੈ ਕਿਉਂਕਿ ਹੁਣ ਇਸ ਦਾ ਮਰਨਾ ਜ਼ਰੂਰੀ ਸੀ।
ਉਧਰ ਲਾਰੈਂਸ ਬਿਸ਼ਨੋਈ ਗਰੁੱਪ ਵਲੋਂ ਇਸ ਕਤਲ ਦੀ ਜ਼ਿੰਮੇਵਾਰੀ ਲੈਣ ਦੀ ਸੋਸ਼ਲ ਮੀਡੀਆ ’ਤੇ ਪੋਸਟ ਵਾਇਰਲ ਹੋਣ ਤੋਂ ਬਾਅਦ ਗੈਂਗਸਟਰ ਗਰੁੱਪ ਜੱਗੂ ਭਗਵਾਨਪੁਰੀਆ ਨੇ ਵੀ ਇਕ ਪੋਸਟ ਸਾਂਝੀ ਕੀਤੀ ਹੈ। ਜਿਸ ਵਿਚ ਭਗਵਾਨਪੁਰੀਆ ਗਰੁੱਪ ਨੇ ਇਸ ਪੋਸਟ ਨੂੰ ਫਰਜ਼ੀ ਕਰਾਰ ਦਿੱਤਾ ਹੈ।
ਉੱਥੇ ਹੀ ਹੁਣ ਬਿਸ਼ਨੋਈ ਗਰੁੱਪ ਦੇ ਮੈਂਬਰ ਅਨਮੋਲ ਬਿਸ਼ਨੋਈ ਨੇ ਲਾਰੈਂਸ ਬਿਸ਼ਨੋਈ ਦੀ ਵਾਇਰਲ ਪੋਸਟ 'ਤੇ ਦਿੱਤਾ ਸਪੱਸ਼ਟੀਕਰਨ ਹੈ ਕਿ ਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ ਸੰਦੀਪ ਨੰਗਲ ਦੀ ਮੌਤ ਦੀ ਜ਼ਿੰਮੇਵਾਰੀ ਲੈਣ ਦੀਆਂ ਖ਼ਬਰਾਂ ਝੂਠੀਆਂ ਹਨ। ਅਨਮੋਲ ਬਿਸ਼ਨੋਈ ਨੇ ਦਾਅਵਾ ਕੀਤਾ ਹੈ ਜਿਸ ਪੇਜ 'ਤੇ ਇਹ ਪੋਸਟ ਪਾਈ ਗਈ ਹੀ , ਉਹ ਲਾਰੈਂਸ ਗਰੁੱਪ ਨਾਲ ਸਬੰਧਤ ਨਹੀਂ ਹੈ।