ਦਿੱਲੀ (ਦੇਵ ਇੰਦਰਜੀਤ) : ਭਾਰਤ ਦੀ ਪਾਰਲੀਮੈਂਟ ਦੇ 19 ਜੁਲਾਈ ਤੋਂ ਸ਼ੁਰੂ ਹੋ ਰਹੇ ਮਾਨਸੂਨ ਸੈਸ਼ਨ ਦੌਰਾਨ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਘੇਰਨ ਦਾ ਮਨ ਬਣਾ ਲਿਆ ਹੈ, ਜਿਸ ਬਾਰੇ ਕਿਸਾਨ ਮੋਰਚਾ ਵੋਟਰ ਵਿਪ੍ਹ ਜਾਰੀ ਕਰਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਪਾਰਲੀਮੈਂਟ ਮੈਂਬਰਾਂ ਨੂੰ ਹਦਾਇਤ ਕਰੇਗਾ ਕਿ ਪਾਰਲੀਮੈਂਟ ਦੀ ਕਾਰਵਾਈ ਵੇਲੇ ਉਹ ਕੇਂਦਰ ਸਰਕਾਰ ਉੱਤੇ ਕਿਸਾਨਾਂ ਦੇ ਹੱਕ ਵਿੱਚ ਫ਼ੈਸਲੇ ਕਰਨ ਦਾ ਦਬਾਅ ਬਣਾਉਣ।
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਅੱਜ ਏਥੇ ਐਲਾਨ ਕੀਤਾ ਕਿ ਕਿਸਾਨ ਮੋਰਚਾ ਇਸ 17 ਜੁਲਾਈ ਨੂੰ ਸਭ ਵਿਰੋਧੀ ਰਾਜਸੀ ਪਾਰਟੀਆਂ ਦੇ ਲੋਕ ਸਭਾ ਮੈਂਬਰਾਂ ਦੇ ਨਾਂਅ ਇਕ ਵੋਟਰ ਵਿਪ੍ਹ ਜਾਰੀ ਕਰੇਗਾ, ਜਿਸ ਵਿੱਚ ਉਨ੍ਹਾਂ ਨੂੰ ਕਿਹਾ ਜਾਵੇਗਾ ਕਿ ਸਾਡੀਆਂ ਵੋਟਾਂ ਲੈ ਕੇ ਤੁਸੀਂ ਪਾਰਲੀਮੈਂਟ ਮੈਂਬਰ ਬਣੇ ਹੋ ਤੇ 7 ਮਹੀਨਿਆਂ ਤੋਂ ਵੱਧ ਸਮੇਂ ਤੋਂ ਦਿੱਲੀ ਦੇ ਬਾਰਡਰਾਂ ਉੱਤੇ ਬੈਠੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਨਹੀਂ ਚੁੱਕੀ। ਉਨ੍ਹਾਂ ਕਿਹਾ ਕਿ ਇਸ ਵੋਟਰ ਵਿਪ੍ਹ ਵਿੱਚ ਚਿਤਾਵਨੀ ਦਿੱਤੀ ਜਾਵੇਗੀ ਕਿ ਜੇ ਅਜੇ ਵੀ ਤੁਹਾਡੀਆਂ ਪਾਰਟੀਆਂ ਜਾਂ ਤੁਸੀਂ ਕਿਸਾਨਾਂ ਦੇ ਹੱਕ ਲਈ ਪਾਰਲੀਮੈਂਟਵਿੱਚ ਆਵਾਜ਼ ਨਾ ਚੁੱਕੀ ਤਾਂ ਆਉਣ ਵਾਲੇ ਸਮੇਂ ਵਿੱਚ ਭਾਜਪਾ ਆਗੂਆਂ ਵਾਂਗ ਤੁਹਾਡਾ ਦਾ ਵੀ ਵਿਰੋਧ ਕੀਤਾ ਜਾਵੇਗਾ।
ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਲੋਕ ਸਭਾ ਮੈਂਬਰਾਂ ਨੂੰ ਹਦਾਇਤ ਕੀਤੀ ਜਾਵੇਗੀ ਕਿ ਉਹ ਪਾਰਲੀਮੈਂਟ ਦੇ ਸੈਸ਼ਨ ਦੌਰਾਨ ਸਰਕਾਰ ਉੱਤੇ ਕਿਸਾਨਾਂ ਦੀਆਂ ਮੰਗਾਂ ਮੰਨਣ ਦਾ ਦਬਾਅ ਪਾਉਣ ਤੇ ਉਦੋਂ ਤੱਕ ਹਾਊਸ ਦੀ ਕਾਰਵਾਈ ਨਾ ਚੱਲਣ ਦੇਣ, ਜਦੋਂ ਤਕ ਸਰਕਾਰ ਉਨ੍ਹਾਂ ਨੂੰ ਕਿਸਾਨਾਂ ਦੀਆਂ ਮੰਗਾਂ ਦਾ ਭਰੋਸਾ ਨਹੀਂ ਦਿੰਦੀ।ਉਨ੍ਹਾਂ ਕਿਹਾ ਕਿ ਵਿਰੋਧ ਕਰਨ ਉੱਤੇਜੇ ਹਾਊਸ ਵਿੱਚੋਂ ਸਸਪੈਂਡ ਕੀਤਾ ਜਾਂਦਾ ਹੈ ਤਾਂ ਫਿਰ ਜਾ ਕੇ ਸਰਕਾਰ ਦਾ ਵਿਰੋਧ ਕਰਨ। ਰਾਜੇਵਾਲ ਨੇ ਸਾਫ ਕਿਹਾ ਕਿ ਵੋਟਰ ਵਿਪ੍ਹ ਵਿੱਚਪਾਰਲੀਮੈਂਟ ਮੈਂਬਰਾਂ ਨੂੰ ਕਿਹਾ ਜਾਵੇਗਾ ਕਿ ਉਹ ਸੈਸ਼ਨ ਦਾ ਵਾਕ-ਆਊਟ ਨਾ ਕਰਨ, ਕਿਉਂਕਿ ਇਸ ਤਰ੍ਹਾਂ ਸਰਕਾਰ ਨੂੰ ਆਪਣੀਆਂ ਨੀਤੀਆਂ ਲਾਗੂ ਕਰਨ ਦਾ ਖੁੱਲ੍ਹਾ ਮੌਕਾ ਮਿਲ ਜਾਂਦਾ ਹੈ।
ਇਸ ਦੌਰਾਨ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਅੱਜ ਸੋਮਵਾਰ ਨੂੰ ਕਿਹਾ ਕਿ 19 ਜੁਲਾਈ ਤੋਂ ਸ਼ੁਰੂ ਹੋ ਰਹੇ ਪਾਰਲੀਮੈਂਟ ਦੇ ਮਾਨਸੂਨ ਸੈਸ਼ਨ ਦੌਰਾਨ ਕੋਰੋਨਾ ਵਾਇਰਸ ਦੇ ਸਾਰੇ ਪ੍ਰੋਟੋਕਾਲ ਦਾ ਪਾਲਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮੈਂਬਰਾਂ ਦਾ ਕੋਰੋਨਾ ਵਾਇਰਸ ਰੋਕੂ ਟੀਕਾਕਰਨ ਨਹੀਂ ਹੋਇਆ, ਉਨ੍ਹਾਂ ਨੂੰ ਸੈਸ਼ਨ ਮੌਕੇਪਾਰਲੀਮੈਂਟ ਕੰਪਲੈਕਸ ਵਿੱਚ ਜਾਣ ਤੋਂ ਪਹਿਲਾਂ ਆਰ ਟੀ-ਪੀ ਸੀ ਆਰ ਜਾਂਚ ਕਰਵਾਉਣ ਲਈ ਕਿਹਾ ਜਾਵੇਗਾ।
ਪਾਰਲੀਮੈਂਟ ਭਵਨ ਕੰਪਲੈਕਸ ਵਿੱਚ ਪੱਤਰਕਾਰਾਂਨਾਲ ਗੱਲਬਾਤ ਦੌਰਾਨਸਪੀਕਰ ਓਮ ਬਿਰਲਾ ਨੇ ਕਿਹਾ ਕਿ 323 ਪਾਰਲੀਮੈਂਟ ਮੈਂਬਰਾਂ ਦਾ ਕੋਰੋਨਾ ਰੋਕੂ ਟੀਕਾਕਰਨ ਹੋ ਚੁੱਕਾ ਹੈ, 23 ਪਾਰਲੀਮੈਂਟ ਮੈਂਬਰ ਕੁਝ ਮੈਡੀਕਲ ਕਾਰਨਾਂ ਕਰ ਕੇ ਟੀਕੇ ਦੀ ਪਹਿਲੀ ਖੁਰਾਕ ਵੀ ਨਹੀਂ ਲੈ ਸਕੇ।ਉਨ੍ਹਾ ਕਿਹਾ ਕਿ ਦੋਵਾਂ ਸਦਨਾਂ ਦੀ ਬੈਠਕ 11 ਵਜੇ ਇਕੱਠੀ ਸ਼ੁਰੂ ਹੋਵੇਗੀ।ਪਾਰਲੀਮੈਂਟ ਦਾ ਮਾਨਸੂਨ ਸੈਸ਼ਨ 19 ਜੁਲਾਈ ਤੋਂ 13 ਅਗਸਤ ਤੱਕ ਚਲੇਗਾ।