ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੁਕੇਰੀਆਂ ਦੇ ਪਿੰਡ ਨਾਰਨੌਲ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਇੱਕ 21 ਸਾਲਾਂ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਨਹਿਰ 'ਚੋ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਸਾਗਰ ਦੇ ਰੂਪ 'ਚ ਹੋਈ ਹੈ ।ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਮੁਰਦਾ ਘਰ ਰੱਖਿਆ ਦਿੱਤਾ। ਉੱਥੇ ਹੀ ਪਿੰਡ ਦੇ ਸਰਪੰਚ ਜੋਗਿੰਦਰ ਸਿੰਘ ਨੇ ਦੱਸਿਆ ਕਿ ਸਾਗਰ ਇੱਕ ਮਿਹਨਤ ਕਰਨ ਵਾਲਾ ਮੁੰਡਾ ਸੀ। ਜਿਸ ਨੂੰ ਬੀਤੀ ਸ਼ਾਮ ਹੀ ਘਗਵਾਲ ਪਿੰਡ ਕੋਲ ਬੈਠੇ ਕੁਝ ਲੋਕਾਂ ਵਲੋਂ ਦੇਖਿਆ ਗਿਆ । ਉਨ੍ਹਾਂ ਨੇ ਕਿਹਾ ਕਿ ਨੌਜਵਾਨ ਟੀਲਾ ਬਾਬੇ ਦੇ ਮੱਥਾ ਟੇਕਣ ਗਿਆ ਸੀ ਪਰ ਨੌਜਵਾਨ ਕਾਫੀ ਸਮੇ ਤੱਕ ਘਰ ਵਾਪਸ ਨਹੀਂ ਆਇਆ ਤੇ ਅੱਜ ਉਸ ਦੀ ਲਾਸ਼ ਨਹਿਰ ਕੋਲੋਂ ਮਿਲੀ ਹੈ। ਮ੍ਰਿਤਕ ਦੇ ਸਿਰ 'ਤੇ ਵੀ ਗੰਭੀਰ ਸੱਟਾਂ ਦੇ ਨਿਸ਼ਾਨ ਵੀ ਹਨ ।
ਜਿਸ ਕਾਰਨ ਪੁਲਿਸ ਵਲੋਂ ਕਤਲ ਦਾ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ,ਹਾਲਾਂਕਿ ਕਿ ਪੁਲਿਸ ਟੀਮ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਅਨੁਸਾਰ ਪੁਲਿਸ ਟੀਮ ਨੂੰ ਸੂਚਨਾ ਮਿਲੀ ਸੀ ਕਿ ਸਹੋਦਾ ਨਹਿਰ 'ਚ ਨੌਜਵਾਨ ਦੀ ਲਾਸ਼ ਪਈ ਹੈ। ਮੌਕੇ 'ਤੇ ਪਹੁੰਚ ਪੁਲਿਸ ਵੱਲੋ CCTV ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰ ਲਿਆ ਹੈ ।ਇਸ ਘਟਨਾ ਨਾਲ ਮ੍ਰਿਤਕ ਸਾਗਰ ਦੇ ਪਰਿਵਾਰਿਕ ਮੈਬਰਾਂ ਦਾ ਰੋ ਰੋ ਬੁਰਾ ਹਾਲ ਹੈ, ਜਦਕਿ ਪਿੰਡ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ।