ਐੱਸ. ਸੀ./ਬੀ. ਸੀ. ਅਧਿਆਪਕ ਯੂਨੀਅਨ ਵੱਲੋਂ ਹੱਕੀ ਮੰਗਾਂ ਲਈ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜਾਹਰਾ

by vikramsehajpal

ਬੁਢਲਾਡਾ (ਕਰਨ) : ਐੱਸ .ਸੀ ./ਬੀ .ਸੀ. ਅਧਿਆਪਕ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਰਸੋਨਲ ਵਿਭਾਗ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਆਰਗੇਨਾਈਜ਼ਰ ਬਲਜੀਤ ਸਿੰਘ ਖੀਵਾ ਬਲਾਕ ਪ੍ਰਧਾਨ ਜੁਗਰਾਜ ਸਿੰਘ ਅਤੇ ਵਿਜੇ ਕੁਮਾਰ ਸਟੇਟ ਮੀਤ ਪ੍ਰਧਾਨ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਜਿਵੇਂ ਕਿ 85 ਵੀਂ ਸੰਵਿਧਾਨਕ ਸ਼ੋਧ ਨੂੰ ਅਮਲੀ ਰੂਪ ਵਿੱਚ ਲਾਗੂ ਕਰਵਾਉਣ, ਰਾਖਵਾਂਕਰਨ ਨੀਤੀ/ਰੋਸਟਰ ਨੀਤੀ ਨੂੰ ਸਹੀ ਢੰਗ ਨਾਲ ਲਾਗੂ ਕਰਵਾਉਣ, ਅਬਾਦੀ ਦੇ ਅਨੁਸਾਰ ਸਰਕਾਰੀ ਨੌਕਰੀਆਂ ਵਿੱਚ ਰਾਖਵਾਂਕਰਨ ਵਿੱਚ ਵਾਧਾ ਕਰਵਾਉਣ, ਵਿੱਦਿਆਰਥੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਸਮੇਂ ਸਿਰ ਮੁਹੱਈਆ ਕਰਵਾਉਣ, ਸਿੱਖਿਆ ਨੀਤੀ 2020 ਰਾਹੀਂ ਸਿੱਖਿਆ ਦਾ ਉਜਾੜਾ ਬੰਦ ਕਰਾਉਣ, ਵੱਖ-ਵੱਖ ਵਿਭਾਗਾਂ ਵਿੱਚ ਖਾਲੀ ਅਸਾਮੀਆਂ ਤੇ ਨਿਯਮਤ ਭਰਤੀ ਕਰਵਾਉਣ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ ਲਈ ਤਹਿਸੀਲ ਪੱਧਰ ਤੇ ਅਰਥੀ ਫੂਕ ਮੁਜਾਹਰਾ ਕੀਤਾ ਗਿਆ।

ਉਹਨਾ ਪ੍ਰਸੋਨਲ ਵਿਭਾਗ ਵੱਲੋਂ 85ਵੀਂ ਸੰਵਿਧਾਨਕ ਸ਼ੋਧ ਨੂੰ ਲਾਗੂ ਕਰਨ ਲਈ ਅੰਕੜੇ ਇਕੱਠੇ ਕਰਨ ਦੀ ਪ੍ਰਕਿਰਿਆ ਨੂੰ ਨਕਾਰਦਿਆਂ ਕਿਹਾ ਕਿ ਵਿਭਾਗ ਨੇ ਇਸ ਸਬੰਧੀ ਪਹਿਲਾਂ ਹੀ ਅੰਕੜੇ ਇਕੱਠੇ ਕੀਤੇ ਹੋਏ ਹਨ। ਜਿਸ ਸੰਬੰਧੀ ਅੈੱਸ .ਸੀ ./ਐੱਸ. ਟੀ.ਕਮਿਸਨ ਵੱਲੋਂ ਵੀ ਸਪੱਸ਼ਟ ਕੀਤਾ ਗਿਆ ਹੈ। ਪ੍ਰਸੋਨਲ ਵਿਭਾਗ ਵੱਲੋਂ 85ਵੀਂ ਸੰਵਿਧਾਨਕ ਸ਼ੋਧ ਨੂੰ ਲਾਗੂ ਹੋਣ ਤੋਂ ਰੋਕਣ ਲਈ ਪਹਿਲਾਂ ਵੀ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾਂਦੇ ਹੋਏ ਗੈਰ ਸੰਵਿਧਾਨਕ ਪੱਤਰ ਜਾਰੀ ਕਰਕੇ ਅੜਿੱਕਾ ਖੜਾ ਕੀਤਾ ਗਿਆ ਹੈ। ਜਦੋਂ ਕਿ ਰਾਖਵਾਂਕਰਨ ਨੀਤੀ ਸਬੰਧੀ ਕੋਈ ਦਿਸ਼ਾ ਨਿਰਦੇਸ਼/ਹਿਦਾਇਤਾਂ ਜਾਰੀ ਕਰਨ ਦਾ ਅਧਿਕਾਰ ਸਿਰਫ਼ ਭਲਾਈ ਵਿਭਾਗ ਨੂੰ ਹੀ ਹੈ। ਉਹਨਾ ਕਿਹਾ ਕਿ ਪੰਜਾਬ ਸਰਕਾਰ ਦੇ ਦੋਗਲੇ ਸਾਜਸ਼ੀ ਵਤੀਰੇ ਵਿਰੁੱਧ ਐੱਸ.ਸੀ./ਬੀ. ਸੀ. ਵਰਗ ਦੇ ਲੋਕਾਂ ਵਿੱਚ ਭਾਰੀ ਰੋਸ ਹੈ । ਜੇਕਰ 85ਵੀਂ ਸੰਵਿਧਾਨਕ ਸ਼ੋਧ ਨੂੰ ਲਾਗੂ ਕਰਨ, ਗੈਰ ਸੰਵਿਧਾਨਕ ਪੱਤਰ ਨੂੰ ਰੱਦ ਕਰਨ ਦੇ ਨਾਲ-ਨਾਲ ਸਮਾਜ ਦੇ ਉਕਤ ਮਸਲਿਆਂ ਨੂੰ ਜਲਦੀ ਹੱਲ ਨਾ ਕੀਤਾ ਗਿਆ ਤਾਂ ਸਰਕਾਰ ਵਿਰੁੱਧ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੋਕੇ ਜਸਵਿੰਦਰ ਸਿੰਘ ਜਨਕ, ਰਣਜੀਤ ਸਿੰਘ ਕੁਲਾਣਾ, ਅੰਮ੍ਰਿਤਪਾਲ ਸਿੰਘ ਗੁਰਨੇ, ਚਮਕੌਰ ਸਿੰਘ, ਰਾਜਪਾਲ ਸਿੰਘ, ਸੁਖਪਾਲ ਸਿੰਘ, ਕੇਵਲ ਸਿੰਘ, ਭੁਪਿੰਦਰ ਸਿੰਘ, ਹਰਬੰਸ ਸਿੰਘ, ਜਸਵੰਤ ਸਿੰਘ, ਕੂੜਾ ਸਿੰਘ, ਗੁਰਸੇਵਕ ਸਿੰਘ ਆਦਿ ਹਾਜ਼ਰ ਸਨ।

ਫੋਟੋ ਬੁਢਲਾਡਾ: ਪਰਸੋਨਲ ਵਿਭਾਗ ਅਤੇ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕਰਦੇ ਹੋਏ ਐਸ ਸੀ ਬੀ ਸੀ ਅਧਿਆਪਕ ਯੂਨੀਅਨ