ਨਿਊਜ਼ ਡੈਸਕ : ਰੂਸ ਤੇ ਯੂਕਰੇਨ ਵਿਚਾਲੇ ਤਣਾਅ ਸਿਖਰ 'ਤੇ ਹੈ। ਇਸ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਹੈ ਕਿ ਰੂਸ ਪੂਰਬੀ ਯੂਕਰੇਨ ਦੇ ਦੋ ਵੱਖ-ਵੱਖ ਖੇਤਰਾਂ ਦੀ ਆਜ਼ਾਦੀ ਨੂੰ ਮਾਨਤਾ ਦੇਵੇਗਾ। ਰੂਸ ਡੋਨੇਟਸਕ ਤੇ ਲੁਗਾਂਸਕ ਦੇ ਸਵੈ-ਘੋਸ਼ਿਤ ਗਣਰਾਜਾਂ ਨੂੰ ਵੱਖਰੇ ਦੇਸ਼ਾਂ ਵਜੋਂ ਮਾਨਤਾ ਦੇਣ ਜਾ ਰਿਹਾ ਹੈ।
ਰੂਸ ਦੇ ਰਾਸ਼ਟਰਪਤੀ ਨੇ ਡਨਿਟਸਕ ਪੀਪਲਜ਼ ਰੀਪਬਲਿਕ (ਡੀਪੀਆਰ) ਤੇ ਲੁਗਾਂਸਕ ਪੀਪਲਜ਼ ਰੀਪਬਲਿਕ (ਐੱਲਪੀਆਰ) ਦੀ ਮਾਨਤਾ ਨਾਲ ਸਬੰਧਤ ਇਕ ਕਾਰਜਕਾਰੀ ਆਦੇਸ਼ 'ਤੇ ਵੀ ਹਸਤਾਖਰ ਕੀਤੇ ਹਨ। ਰੂਸੀ ਰਾਸ਼ਟਰਪਤੀ ਨੇ ਡੀਪੀਆਰ ਦੇ ਮੁਖੀ ਡੇਨਿਸ ਪੁਸ਼ਿਲਿਨ ਤੇ ਐੱਲਪੀਆਰ ਦੇ ਮੁਖੀ ਲਿਓਨਿਡ ਪਾਸਨਿਕ ਨਾਲ ਇਕ ਸੰਧੀ 'ਤੇ ਦਸਤਖਤ ਕੀਤੇ। ਰੂਸ ਤੇ DPR, LPR ਵਿਚਕਾਰ ਇਹ ਸੰਧੀ ਦੋਸਤੀ, ਸਹਿਯੋਗ ਤੇ ਆਪਸੀ ਸਹਾਇਤਾ ਬਾਰੇ ਹੈ।
ਇਕ ਨਿੱਜੀ ਨਿਊਜ਼ ਏਜੰਸੀ ਮੁਤਾਬਕ ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਹਿੰਸਾ, ਖੂਨ-ਖਰਾਬਾ, ਅਰਾਜਕਤਾ ਦੇ ਰਾਹ 'ਤੇ ਚੱਲਣ ਵਾਲੇ ਡੋਨਬਾਸ ਦੇ ਮੁੱਦੇ ਨੂੰ ਮਾਨਤਾ ਨਹੀਂ ਦਿੰਦੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਰਸ਼ੀਅਨ ਫੈੱਡਰੇਸ਼ਨ ਦੀ ਸੰਘੀ ਅਸੈਂਬਲੀ ਨੂੰ ਇਸ ਫੈਸਲੇ ਦਾ ਸਮਰਥਨ ਕਰਨ ਲਈ ਕਹਿਣਗੇ ਅਤੇ ਫਿਰ ਇਨ੍ਹਾਂ ਗਣਰਾਜਾਂ ਨਾਲ ਦੋਸਤੀ ਅਤੇ ਆਪਸੀ ਸਹਾਇਤਾ ਲਈ ਦੋ ਸੰਧੀਆਂ ਕਰਨਗੇ, ਜਿਸ ਨਾਲ ਸਬੰਧਤ ਦਸਤਾਵੇਜ਼ ਜਲਦੀ ਹੀ ਤਿਆਰ ਕੀਤੇ ਜਾਣਗੇ। ਰੂਸੀ ਰਾਸ਼ਟਰਪਤੀ ਦੇ ਇਸ ਐਲਾਨ ਤੋਂ ਬਾਅਦ ਹੁਣ ਯੂਕਰੇਨ ਦੇ ਇਸ ਖੇਤਰ 'ਚ ਰੂਸੀ ਫੌਜੀਆਂ ਦੇ ਦਾਖਲ ਹੋਣ ਦਾ ਖਦਸ਼ਾ ਹੈ।