ਨਿਊਜ਼ ਡੈਸਕ : ਰੂਸ ਅਤੇ ਯੂਕ੍ਰੇਨ ਵਿਚਕਾਰ ਜੰਗ ਲੱਗਣ ਕਾਰਨ ਉੱਥੇ ਫਸੇ 500 ਤੋਂ ਵੱਧ ਵਿਦਿਆਰਥੀਆਂ ਨੇ ਭਾਰਤੀ ਅੰਬੈਂਸੀ ਵਿਚ ਪਨਾਹ ਲਈ ਹੋਈ ਹੈ ਪਰ ਉੱਥੇ ਇਨ੍ਹਾਂ ਨੂੰ ਸਿਰਫ ਇਕ ਵਕਤ ਦਾ ਖਾਣਾ ਹੀ ਨਸੀਬ ਹੋ ਰਿਹਾ ਹੈ। ਭਾਰਤੀ ਅੰਬੈਂਸੀ ’ਚ ਪਨਾਹ ਲਈ ਬੈਠੇ ਪੰਜਾਬ ਨਾਲ ਜੁੜੇ ਵਿਦਿਆਰਥੀਆਂ ਨੇ ਦੱਸਿਆ ਕਿ ਇੱਥੇ ਰੋਜ਼ਾਨਾ ਹੀ ਯੂਕ੍ਰੇਨ ਦੇ ਵੱਖ-ਵੱਖ ਸ਼ਹਿਰਾਂ ਤੋਂ ਵਿਦਿਆਰਥੀ ਆ ਰਹੇ ਹਨ, ਜਿਸ ਕਾਰਨ ਗਿਣਤੀ 500 ਤੋਂ ਵੱਧ ਗਈ ਹੈ। ਭਾਰਤੀ ਅੰਬੈਂਸੀ ਦੇ ਅਧਿਕਾਰੀਆਂ ਅਨੁਸਾਰ ਉਨ੍ਹਾਂ ਕੋਲ ਵੀ ਰਾਸ਼ਨ ਦੀ ਕਮੀ ਹੋ ਰਹੀ ਹੈ, ਜਿਸ ਕਾਰਨ ਵਿਦਿਆਰਥੀਆਂ ਨੂੰ ਸਿਰਫ ਇਕ ਵਕਤ ਦਾ ਖਾਣਾ (ਦਾਲ-ਚੌਲ) ਹੀ ਦਿੱਤਾ ਜਾ ਰਿਹਾ ਹੈ।
ਯੂਕ੍ਰੇਨ ਵਿਚ ਫਸੇ ਵਿਦਿਆਰਥੀਆਂ ਨੇ ਦੱਸਿਆ ਕਿ ਇਕ ਵਕਤ ਦੇ ਖਾਣੇ ਨਾਲ ਉਨ੍ਹਾਂ ਦਾ ਪੇਟ ਨਹੀਂ ਭਰਦਾ ਅਤੇ ਕੀਵ ਸ਼ਹਿਰ ਦੇ ਸਾਰੇ ਹੀ ਰੈਸਟੋਰੈਂਟ ਬੰਦ ਕੀਤੇ ਹੋਏ ਹਨ, ਜਿਸ ਕਾਰਨ ਉਹ ਬਾਹਰੋਂ ਵੀ ਖਾਣਾ ਨਹੀਂ ਲਿਆ ਸਕਦੇ। ਭਾਰਤੀ ਅੰਬੈਂਸੀ ਦੇ ਅਧਿਕਾਰੀਆਂ ਨੇ ਵੀ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਜਿੱਥੇ ਵੀ ਹਨ, ਫਿਲਹਾਲ ਉੱਥੇ ਹੀ ਰਹਿਣ ਕਿਉਂਕਿ ਅੰਬੈਂਸੀ ਵਿਚ ਰਾਸ਼ਨ ਅਤੇ ਵਿਦਿਆਰਥੀਆਂ ਦੇ ਰਹਿਣ ਦੇ ਪ੍ਰਬੰਧ ਵੀ ਘੱਟ ਹਨ। ਵਿਦਿਆਰਥੀਆਂ ਨੇ ਦੱਸਿਆ ਕਿ ਭਾਰਤੀ ਅੰਬੈਂਸੀ ਵੱਲੋਂ ਇਹ ਯਤਨ ਕੀਤੇ ਜਾ ਰਹੇ ਹਨ ਕਿ ਜੋ ਇੱਥੇ ਫਸੇ ਹੋਏ ਹਨ, ਉਨ੍ਹਾਂ ਨੂੰ ਬੱਸਾਂ ਰਾਹੀਂ ਨਾਲ ਲੱਗਦੇ ਦੇਸ਼ ਹੰਗਰੀ ਜਾਂ ਪੋਲੈਂਡ ਵਿਖੇ ਲਿਆ ਕੇ ਉੱਥੋਂ ਭਾਰਤੀ ਜਹਾਜ਼ ਰਾਹੀਂ ਵਾਪਸ ਸੁਰੱਖਿਅਤ ਕੱਢਿਆ ਜਾ ਸਕੇ।