ਮਾਸਕੋ (ਐਨ.ਆਰ.ਆਈ. ਮੀਡਿਆ) : ਰੂਸ ਨੇ ਬੀਜਿੰਗ ਨੂੰ ਦਿੱਤੀ ਜਾਣ ਵਾਲੀ ਐੱਸ-400 ਸਤਿਹ ਤੋਂ ਹਵਾ 'ਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦੀ ਪੂਰਤੀ 'ਤੇ ਤਤਕਾਲ ਰੋਕ ਲਾ ਦਿੱਤੀ ਹੈ। ਇਹ ਚੀਨ ਦੇ ਲਈ ਵੱਡਾ ਝਟਕਾ ਹੈ। ਖਾਸ ਗੱਲ ਇਹ ਹੈ ਕਿ ਇਸ ਮਿਜ਼ਾਈਲ ਨੂੰ ਰੋਕਣ ਤੋਂ ਪਹਿਲਾਂ ਮਾਸਕੋ ਨੇ ਬੀਜਿੰਗ 'ਤੇ ਜਾਸੂਸੀ ਕਰਨ ਦਾ ਦੋਸ਼ ਲਾਇਆ ਸੀ।
ਰੂਸੀ ਅਧਿਕਾਰੀਆਂ ਨੇ ਆਪਣੇ ਸੈਂਟ ਪੀਟਰਬਰਸ ਆਰਕਟਿਕ ਸੋਸ਼ਲ ਸਾਇੰਸਿਸ ਅਕਾਦਮਿਕ ਦੇ ਪ੍ਰਧਾਨ ਵਾਲੇਰੀ ਮਿਟਕੋ ਨੂੰ ਚੀਨ ਨੂੰ ਗੁਪਤ ਸਮੱਗਰੀ ਸੌਂਪਣ ਦਾ ਦੋਸ਼ੀ ਪਾਇਆ ਹੈ। ਇਸ ਘਟਨਾ ਨੂੰ ਇਸ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ।
ਰੂਸ ਦੇ ਇਸ ਕਦਮ ਤੋਂ ਬਾਅਦ ਚੀਨ ਦੀ ਸਫ਼ਾਈ
ਉਧਰ ਰੂਸ ਦੇ ਐਲਾਨ ਤੋਂ ਬਾਅਦ ਚੀਨ ਨੇ ਸਫ਼ਾਈ ਦਿੰਦੇ ਹੋਏ ਕਿਹਾ ਹੈ ਕਿ ਮਾਸਕੋ ਇਸ ਤਰ੍ਹਾਂ ਦਾ ਫੈਸਲਾ ਲੈਣ ਲਈ ਮਜਬੂਰ ਹੈ ਕਿਉਂਕਿ ਉਹ ਚਿੰਤਤ ਹੈ ਕਿ ਇਸ ਸਮੇਂ ਐੱਸ-400 ਮਿਜ਼ਾਈਲਾਂ ਦੀ ਵੰਡ ਪੀਪਲਜ਼ ਲਿਬਰੇਸ਼ਨ ਆਰਮੀ ਦੀ ਮਹਾਮਾਰੀ ਵਿਰੋਧੀ ਗਤੀਵਿਧੀਆਂ ਨੂੰ ਪ੍ਰਭਾਵਿਤ ਕਰੇਗਾ। ਚੀਨ ਨੇ ਅੱਗੇ ਕਿਹਾ ਕਿ ਰੂਸ ਨਹੀਂ ਚਾਹੁੰਦਾ ਕਿ ਇਸ ਨਾਲ ਬੀਜਿੰਗ ਨੂੰ ਕੋਈ ਪਰੇਸ਼ਾਨੀ ਹੋਵੇ। ਚੀਨ ਦਾ ਕਿਹਾ ਹੈ ਕਿ ਕਈ ਕਾਰਨਾਂ ਕਾਰਨ ਰੂਸ ਨੂੰ ਮਿਜ਼ਾਈਲ ਦੇਣ ਦੇ ਫੈਸਲਾ ਨੂੰ ਮੁਲਤਵੀ ਕਰਨਾ ਪਿਆ ਹੈ।