ਵਾਸ਼ਿੰਗਟਨ ਡੈਸਕ (ਐਨ.ਆਰ.ਆਈ. ਮੀਡਿਆ) : ਚੋਟੀ ਦੇ ਖ਼ੁਫ਼ੀਆ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਆਪਣੀ ਜਨਤਕ ਚਿਤਾਵਨੀ ਵਿਚ ਦਾਅਵਾ ਕੀਤਾ ਕਿ ਰੂਸ, ਚੀਨ ਅਤੇ ਈਰਾਨ ਅਮਰੀਕੀ ਚੋਣ 'ਚ ਦਖ਼ਲ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰੂਸ ਅਤੇ ਈਰਾਨ ਨਾਲ ਚੀਨ ਚੋਣ ਤੋਂ ਪਹਿਲੇ ਅਮਰੀਕਾ ਵਿਚ ਆਪਣੇ ਪ੍ਰਭਾਵ ਨੂੰ ਵਧਾਉਣ ਦਾ ਯਤਨ ਕਰ ਰਿਹਾ ਹੈ। ਦੱਸ ਦਈਏ ਕਿ ਇਹ ਚਿਤਾਵਨੀ ਅਮਰੀਕਾ 'ਚ ਰਾਸ਼ਟਰਪਤੀ ਚੋਣ ਤੋਂ ਕਰੀਬ 100 ਦਿਨ ਪਹਿਲੇ ਜਾਰੀ ਕੀਤੀ ਗਈ ਹੈ। ਦੇਸ਼ ਦੇ ਨੈਸ਼ਨਲ ਕਾਊਂਟਰ ਇੰਟੈਲੀਜੈਂਸ ਐਂਡ ਸਕਿਓਰਿਟੀ ਸੈਂਟਰ ਦੇ ਡਾਇਰੈਕਟਰ ਵਿਲੀਅਮ ਆਰ ਇਵੇਨਿਨ ਨੇ ਇਕ ਬਿਆਨ ਵਿਚ ਕਿਹਾ ਕਿ ਅਸੀਂ ਮੁੱਖ ਤੌਰ 'ਤੇ ਚੀਨ, ਰੂਸ ਅਤੇ ਈਰਾਨ ਨੂੰ ਲੈ ਕੇ ਚਿੰਤਤ ਹਾਂ।
ਹਾਲਾਂਕਿ ਦੂਜੇ ਦੇਸ਼ ਅਤੇ ਤੱਤ ਵੀ ਸਾਡੀ ਚੋਣ ਪ੍ਰਕਿਰਿਆ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਖ਼ਾਸ ਤੌਰ 'ਤੇ ਚੀਨ ਦੇ ਬਾਰੇ ਵਿਚ ਇਹ ਚਿਤਾਵਨੀ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਬੀਜਿੰਗ ਅਤੇ ਵਾਸ਼ਿੰਗਟਨ ਵਿਚਕਾਰ ਕੋਰੋਨਾ ਮਹਾਮਾਰੀ, ਦੱਖਣੀ ਚੀਨ ਸਾਗਰ ਅਤੇ ਜਾਸੂਸੀ ਨੂੰ ਲੈ ਕੇ ਤਣਾਅ ਵੱਧ ਗਿਆ ਹੈ।
ਅਮਰੀਕਾ ਦਾ ਇਹ ਮੰਨਣਾ ਹੈ ਕਿ ਰਿਸਰਚ ਅਤੇ ਬੌਧਿਕ ਜਾਇਦਾਦ ਦੀ ਚੋਰੀ ਵਿਚ ਚੀਨ ਦਾ ਹੱਥ ਹੈ। ਇਸੇ ਤਰ੍ਹਾਂ ਦੇ ਕੰਮ ਵਿਚ ਲੱਗੇ ਹੋਣ ਦੇ ਦੋਸ਼ ਵਿਚ ਹਾਲ ਹੀ ਵਿਚ ਹਿਊਸਟਨ ਸਥਿਤ ਚੀਨੀ ਦੂਤਘਰ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਗਿਆ ਸੀ। ਹਾਲਾਂਕਿ ਖ਼ੁਫ਼ੀਆ ਚਿਤਾਵਨੀ ਵਿਚ ਚੀਨ 'ਤੇ ਇਹ ਦੋਸ਼ ਨਹੀਂ ਲਗਾਇਆ ਗਿਆ ਹੈ ਕਿ ਉਹ ਵੋਟਿੰਗ ਨੂੰ ਹੈਕ ਕਰਨ ਦਾ ਯਤਨ ਕਰ ਰਿਹਾ ਹੈ। ਇਸ 'ਚ ਕਿਹਾ ਗਿਆ ਹੈ ਕਿ ਉਹ ਆਪਣੇ ਹਿੱਤਾਂ ਪ੍ਰਤੀ ਵੱਧਦੇ ਵਿਰੋਧ ਦੇ ਮੱਦੇਨਜ਼ਰ ਅਮਰੀਕਾ ਵਿਚ ਆਪਣੇ ਅਨੁਕੂਲ ਮਾਹੌਲ ਬਣਾਉਣ ਦਾ ਯਤਨ ਕਰ ਰਿਹਾ ਹੈ ਜਦਕਿ ਰੂਸ ਦੇ ਬਾਰੇ ਵਿਚ ਦੱਸਿਆ ਗਿਆ ਹੈ ਕਿ ਉਹ ਲੋਕਤੰਤਿ੍ਕ ਪ੍ਰਕਿਰਿਆ ਵਿਚ ਸਾਡੇ ਵਿਸ਼ਵਾਸ ਨੂੰ ਕਮਜ਼ੋਰ ਕਰਨ ਲਈ ਅਮਰੀਕਾ 'ਚ ਲਗਾਤਾਰ ਕੂੜ ਪ੍ਰਚਾਰ ਕਰ ਰਿਹਾ ਹੈ।