ਨਿਊਜ਼ ਡੈਸਕ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ (ਸਥਾਨਕ ਸਮੇਂ) ਨੂੰ ਇਕ ਟਵੀਟ 'ਚ ਦੱਸਿਆ ਕਿ ਕੈਨੇਡਾ ਨੇ ਯੂਕਰੇਨ 'ਚ ਜਾਰੀ ਲੜਾਈ ਨੂੰ ਲੈ ਕੇ ਰੂਸ ਦੇ 15 ਹੋਰ ਸਰਕਾਰੀ ਅਧਿਕਾਰੀਆਂ ਵਿਰੁੱਧ ਪਾਬੰਦੀਆਂ ਲਗਾਈਆਂ ਹਨ। ਟਰੂਡੋ ਨੇ ਇਕ ਟਵੀਟ 'ਚ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਕਿ ਪੁਤਿਨ ਅਤੇ ਉਸਦੇ ਸਮਰਥਕਾਂ ਨੂੰ ਜਵਾਬਦੇਹ ਠਹਿਰਾਇਆ ਜਾਵੇ, ਕੈਨੇਡਾ ਨੇ 15 ਹੋਰ ਰੂਸੀ ਅਧਿਕਾਰੀਆਂ 'ਤੇ ਸਖ਼ਤ ਪਾਬੰਦੀਆਂ ਲਗਾਈਆਂ ਹਨ, ਜਿਸ 'ਚ ਸਰਕਾਰੀ ਤੇ ਫ਼ੌਜੀ ਕੁਲੀਨ ਵਰਗ ਵੀ ਸ਼ਾਮਲ ਹਨ, ਜੋ ਇਸ ਗੈਰ-ਕਾਨੂੰਨੀ ਯੁੱਧ 'ਚ ਸ਼ਾਮਲ ਹਨ। ਰੂਸੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਬੰਦੀਆਂ ਦੇ ਜਵਾਬ 'ਚ ਰੂਸ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ 300 ਤੋਂ ਵੱਧ ਸੰਸਦ ਮੈਂਬਰਾਂ ਵਿਰੁੱਧ ਜਵਾਬੀ ਪਾਬੰਦੀਆਂ ਲਗਾ ਰਿਹਾ ਹੈ।
ਇਕ ਨਿੱਜੀ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਿਕ ਮਾਸਕੋ ਨੇ ਕੈਨੇਡੀਅਨ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਤੇ ਰੱਖਿਆ ਮੰਤਰੀ ਅਨੀਤਾ ਆਨੰਦ ਵਿਰੁੱਧ ਵੀ ਪਾਬੰਦੀਆਂ ਲਗਾਈਆਂ ਹਨ। ਰਿਪੋਰਟ ਮੁਤਾਬਕ ਪਾਬੰਦੀਆਂ ਦੇ ਤਾਜ਼ਾ ਦੌਰ ਨੇ ਜਲ ਸੈਨਾ ਦੇ ਡਿਪਟੀ ਕਮਾਂਡਰ ਇਨ ਚੀਫ ਵਲਾਦੀਮੀਰ ਕਾਸਾਟੋਨੋਵ, ਆਰਥਿਕ ਵਿਕਾਸ ਮੰਤਰੀ ਮੈਕਸਿਮ ਰੇਸ਼ੇਟਨੀਕੋਵ, ਫੈਡਰਲ ਗਾਰਡ ਸਰਵਿਸ ਦੇ ਡਾਇਰੈਕਟਰ ਦਮਿਤਰੀ ਕੋਚਨੇਵ ਅਤੇ ਰੱਖਿਆ ਮੰਤਰਾਲੇ ਦੇ ਬੁਲਾਰੇ ਇਗੋਰ ਕੋਨਾਸ਼ੇਨਕੋਵ ਨੂੰ ਨਿਸ਼ਾਨਾ ਬਣਾਇਆ ਹੈ।