ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਿਰੋਜ਼ਪੁਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ 15 ਸਾਲਾ ਨੌਜਵਾਨ ਦੀ ਪੁਲਿਸ ਤੋਂ ਡਰ ਕਰ ਭੱਜਦਿਆਂ ਦਰਿਆ 'ਚ ਡੁੱਬਣ ਕਾਰਨ ਮੌਤ ਹੋ ਗਈ। ਪਰਿਵਾਰਿਕ ਮੈਬਰਾਂ ਵਲੋਂ ਪੁਲਿਸ ਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਹਨ। ਮ੍ਰਿਤਕ ਦੇ ਪਰਿਵਾਰਕ ਮੈਬਰਾਂ ਵਲੋਂ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਮ੍ਰਿਤਕ ਦੇਹ ਨੂੰ ਪੁਲ 'ਤੇ ਰੱਖ ਧਰਨਾ ਲਗਾਇਆ ਗਿਆ । ਪਿੰਡ ਮਲੂ ਦੇ ਰਹਿਣ ਵਾਲੇ ਗੁਰਦੇਵ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤ ਕੁਲਵਿੰਦਰ ਸਿੰਘ ਆਪਣੇ ਦੋਸਤਾਂ ਬਲਵਿੰਦਰ ਤੇ ਅਮਰਜੀਤ ਨਾਲ ਸਕੂਲ ਤੋਂ ਪ੍ਰੀਖਿਆ ਦੇ ਕੇ ਵਾਪਸ ਆਏ ਸੀ।
ਜਿਸ ਤੋਂ ਬਾਅਦ ਉਹ ਖੇਤਾਂ 'ਚ ਚਾਹ ਦੇਣ ਲਈ ਚਲੇ ਗਏ। ਉਥੇ ਐਕਸਾਈਜ਼ ਵਿਭਾਗ ਦੀ ਟੀਮ ਵੀ ਮੌਜੂਦ ਸੀ। ਇਸ ਦੌਰਾਨ ਹੀ ਮੁਲਾਜ਼ਮ ਨੇ ਬੱਚੇ ਨੂੰ ਬੁਲਾ ਕੇ ਪੁੱਛਿਆ ਕਿ ਉਹ ਇਥੇ ਕਿ ਕਰ ਰਿਹਾ ਹੈ। ਮੁਲਾਜ਼ਮ ਨੇ ਬਲਵਿੰਦਰ ਸਿੰਘ ਦੇ ਡਾਂਗ ਮਾਰੀ ਤਾਂ ਅਮਰਜੀਤ ਡਰਦਾ ਉਥੋਂ ਭੱਜ ਗਿਆ, ਭੱਜਦਿਆਂ ਉਹ ਦਰਿਆ 'ਚ ਡੁੱਬ ਗਿਆ । ਬਲਵਿੰਦਰ ਸਿੰਘ ਤੇ ਕੁਲਵਿੰਦਰ ਸਿੰਘ ਨੇ ਮੁਲਾਜ਼ਮਾਂ ਨੂੰ ਕਿਹਾ ਸੀ ਕਿ ਉਨ੍ਹਾਂ ਦਾ ਸਾਥੀ ਪਾਣੀ ਵਿੱਚ ਡਿਗ ਗਿਆ ਹੈ ਪਰ ਮੁਲਾਜ਼ਮਾਂ ਨੇ ਉਨ੍ਹਾਂ ਦੀ ਕੋਈ ਗੱਲ ਨਾ ਸੁਣੀ ਤੇ ਉਨ੍ਹਾਂ ਨੂੰ ਧੱਕੇ ਨਾਲ ਕਾਰ ਵਿੱਚ ਬਿਠਾ ਲਿਆ।
ਜਦੋ ਇਸ ਬਾਰੇ ਪਰਿਵਾਰਕ ਮੈਬਰਾਂ ਨੂੰ ਪਤਾ ਲੱਗਾ ਤਾਂ ਉਹ ਮੌਕੇ 'ਤੇ ਥਾਣੇ ਪਹੁੰਚੇ ਤਾਂ ਉਨ੍ਹਾਂ ਨੇ ਮੁਲਾਜ਼ਮਾਂ ਕੋਲੋਂ ਬੱਚਿਆਂ ਬਾਰੇ ਪੁੱਛਿਆ। ਮੁਲਾਜ਼ਮਾਂ ਨੇ ਕਿਹਾ ਕਿ ਸਾਡੇ ਕੋਲ ਦੋ ਬੱਚੇ ਹਨ ਪਰ ਅਜੇ ਇਨ੍ਹਾਂ ਰਿਹਾਅ ਨਹੀਂ ਕਰਨਾ । ਪਰਿਵਾਰਿਕ ਮੈਬਰਾਂ ਨੇ ਜਦੋ ਤੀਜੇ ਬੱਚੇ ਦਾ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਸਾਨੂੰ ਉਸ ਬਾਰੇ ਕੁਝ ਨਹੀਂ ਪਤਾ । ਜਦੋ ਪਰਿਵਾਰਿਕ ਮੈਬਰਾਂ ਨੇ ਥਾਣੇ ਬਾਹਰ ਧਰਨਾ ਦਿੱਤਾ ਤਾਂ ਉਨ੍ਹਾਂ ਨੂੰ ਸਾਰੀ ਗੱਲ ਦਾ ਪਤਾ ਲੱਗਾ ਕਿ ਅਮਰਜੀਤ ਸਿੰਘ ਡੁੱਬ ਗਿਆ ਹੈ । ਜਿਸ ਤੋਂ ਬਾਅਦ ਪਰਿਵਾਰਿਕ ਮੈਬਰਾਂ ਨੇ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਲਾਸ਼ ਰੱਖ ਕੇ ਧਰਨਾ ਦਿੱਤਾ ਤੇ ਇਨਸਾਫ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਜੇਕਰ ਇਨਸਾਫ ਨਹੀਂ ਮਿਲਿਆ ਤਾਂ ਧਰਨਾ ਨਹੀਂ ਚੁੱਕਿਆ ਜਾਵੇਗਾ । ਪੁਲਿਸ ਦੇ ਉੱਚ ਅਧਿਕਾਰੀਆਂ ਨੇ ਕਿਹਾ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ।