ਨਿਊਜ਼ ਡੈਸਕ (ਜਸਕਮਲ) : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਸਵੇਰੇ ਗੈਰ-ਕਾਨੂੰਨੀ ਮਾਈਨਿੰਗ ਮਾਮਲੇ ਨਾਲ ਸਬੰਧਤ ਛਾਪੇਮਾਰੀ ਕਰਨ ਤੋਂ ਬਾਅਦ ਪੰਜਾਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਦੇ ਘਰੋਂ 10 ਕਰੋੜ ਰੁਪਏ, 21 ਲੱਖ ਰੁਪਏ ਦਾ ਸੋਨਾ ਤੇ 12 ਲੱਖ ਰੁਪਏ ਦੀ ਰੋਲੇਕਸ ਘੜੀ ਬਰਾਮਦ ਕਰਨ ਦਾ ਐਲਾਨ ਕੀਤਾ ਹੈ। ਈਡੀ ਅਧਿਕਾਰੀਆਂ ਨੇ ਦੱਸਿਆ ਕਿ ਮੋਹਾਲੀ ਤੇ ਲੁਧਿਆਣਾ 'ਚ ਹਨੀ ਨਾਲ ਸਬੰਧਿਤ ਟਿਕਾਣਿਆਂ ਤੋਂ 8 ਕਰੋੜ ਰੁਪਏ ਤੇ ਉਸਦੇ ਸਾਥੀ ਸੰਦੀਪ ਤੋਂ 2 ਕਰੋੜ ਰੁਪਏ ਬਰਾਮਦ ਕੀਤੇ ਗਏ ਹਨ। ਮੰਗਲਵਾਰ ਸਵੇਰੇ ਸ਼ੁਰੂ ਹੋਈ ਇਹ ਛਾਪੇਮਾਰੀ ਰੋਪੜ, ਫਤਿਹਗੜ੍ਹ ਸਾਹਿਬ ਤੇ ਪਠਾਨਕੋਟ ਸਮੇਤ ਹੋਰਨਾਂ 10 ਥਾਵਾਂ 'ਤੇ ਕੀਤੀ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਸਵੇਰੇ ਛਾਪੇਮਾਰੀ ਨਾਲ ਜੁੜੇ ਹਨੀ ਸਮੇਤ ਸਾਰੇ ਵਿਅਕਤੀਆਂ ਤੋਂ ਪੁੱਛਗਿੱਛ ਪੂਰੀ ਕਰ ਲਈ ਹੈ। ਕਈ ਵਿਅਕਤੀਆਂ ਦੇ ਕਾਰੋਬਾਰੀ ਅਤੇ ਰਿਹਾਇਸ਼ੀ ਸਥਾਨਾਂ ਦੀ ਤਲਾਸ਼ੀ ਲਈ ਗਈ। ਇਨ੍ਹਾਂ 'ਚ ਕੁਦਰਤਦੀਪ ਸਿੰਘ, ਪਿੰਜੌਰ ਰਾਇਲਟੀ ਕੰਪਨੀ ਤੇ ਇਸ ਦੇ ਭਾਈਵਾਲ ਕੰਵਰਮਹੀਪ ਸਿੰਘ ਤੇ ਮਨਪ੍ਰੀਤ ਸਿੰਘ, ਸੁਨੀਲ ਕੁਮਾਰ ਜੋਸ਼ੀ, ਜਗਵੀਰ ਇੰਦਰ ਸਿੰਘ, ਰਣਦੀਪ ਸਿੰਘ, ਪ੍ਰੋਵਾਈਡਰ ਓਵਰਸੀਜ਼ ਕੰਸਲਟੈਂਟਸ ਪ੍ਰਾਈਵੇਟ ਲਿਮਟਿਡ ਤੇ ਭੁਪਿੰਦਰ ਸਿੰਘ ਅਤੇ ਸੰਦੀਪ ਕੁਮਾਰ ਸਮੇਤ ਇਸਦੇ ਹੋਰ ਡਾਇਰੈਕਟਰ ਅਤੇ ਸ਼ੇਅਰਧਾਰਕ ਸ਼ਾਮਲ ਸਨ।
ਰੇਤ ਮਾਈਨਿੰਗ ਦੇ ਕਾਰੋਬਾਰ, ਜਾਇਦਾਦ ਦੇ ਲੈਣ-ਦੇਣ ਅਤੇ ਮੋਬਾਈਲ ਫੋਨਾਂ ਨਾਲ ਸਬੰਧਤ ਕੁਝ ਦਸਤਾਵੇਜ਼ ਵੀ ਜ਼ਬਤ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਸਾਲ 30 ਨਵੰਬਰ ਨੂੰ ਨਵਾਂਸ਼ਹਿਰ ਦੇ ਰਾਹੋਂ ਪੁਲਿਸ ਸਟੇਸ਼ਨ 'ਚ ਆਈਪੀਸੀ ਦੀਆਂ ਧਾਰਾਵਾਂ 379, 420, 465, 467, 468 ਅਤੇ 471 ਤੇ ਖਾਣਾਂ ਅਤੇ ਖਣਿਜਾਂ (ਵਿਕਾਸ ਅਤੇ ਨਿਯਮ) ਦੇ ਤਹਿਤ ਦਰਜ ਕੀਤੇ ਗਏ ਇਕ ਕੇਸ ਦੇ ਆਧਾਰ 'ਤੇ ਜਾਂਚ ਸ਼ੁਰੂ ਕੀਤੀ ਗਈ ਸੀ। 7 ਮਾਰਚ, 2018 ਨੂੰ ਅਚਨਚੇਤ ਚੈਕਿੰਗ ਦੌਰਾਨ ਮਲਿਕਪੁਰ ਅਤੇ ਹੋਰ ਥਾਵਾਂ 'ਤੇ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਦਾ ਪਤਾ ਲਗਾਇਆ ਗਿਆ ਸੀ।