ਕੋਲਕਾਤਾ (ਵਿਕਰਮ ਸਹਿਜਪਾਲ) : ਇੱਥੇ ਆਈ. ਪੀ. ਐੱਲ. ਮੈਚ ਵਿਚ ਨੌਜਵਾਨ ਰਿਆਨ ਪ੍ਰਾਗ ਤੇ ਜੋਫ੍ਰਾ ਆਰਚਰ ਦੀਆਂ ਵਿਰੋਧੀ ਹਾਲਾਤ 'ਤੇ ਖੇਡੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਰਾਜਸਥਾਨ ਰਾਇਲਜ਼ ਨੇ ਵੀਰਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੂੰ 3 ਵਿਕਟਾਂ ਨਾਲ ਹਰਾ ਕੇ ਪਲੇਅ ਆਫ ਦੀਆਂ ਉਮੀਦਾਂ ਬਰਕਰਾਰ ਰੱਖੀਆਂ। ਕੇ. ਕੇ. ਆਰ. ਦੀ ਇਹ ਲਗਾਤਾਰ 6ਵੀਂ ਹਾਰ ਹੈ। KKR ਦੀਆਂ 176 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਰਾਜਸਥਾਨ ਨੇ ਪ੍ਰਾਗ (31 ਗੇਂਦਾਂ 'ਤੇ 47 ਦੌੜਾਂ, 5 ਚੌਕੇ ਤੇ 2 ਛੱਕੇ) ਤੇ ਆਰਚਰ (12 ਗੇਂਦਾਂ 'ਤੇ ਅਜੇਤੂ 27 ਦੌੜਾਂ, 2 ਚੌਕੇ ਤੇ 2 ਛੱਕੇ) ਵਿਚਾਲੇ 7ਵੀਂ ਵਿਕਟ ਦੀ 44 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ 19.2 ਓਵਰਾਂ ਵਿਚ 7 ਵਿਕਟਾਂ 'ਤੇ 177 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।
ਸਲਾਮੀ ਬੱਲੇਬਾਜ਼ ਅਜਿੰਕਯ ਰਹਾਨੇ ਨੇ ਵੀ 34 ਦੌੜਾਂ ਦੀ ਪਾਰੀ ਖੇਡੀ। ਮੇਜ਼ਬਾਨ ਟੀਮ ਵਲੋਂ ਪਿਊਸ਼ ਚਾਵਲਾ (20 ਦੌੜਾਂ 'ਤੇ 3 ਵਿਕਟਾਂ) ਤੇ ਸੁਨੀਲ ਨਾਰਾਇਣ (25 ਦੌੜਾਂ 'ਤੇ 2 ਵਿਕਟਾਂ) ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਪਰ ਉਹ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। ਇਸ ਤੋਂ ਪਹਿਲਾਂ ਕੇ. ਕੇ. ਆਰ. ਲਈ ਕਪਤਾਨ ਦਿਨੇਸ਼ ਕਾਰਤਿਕ ਨੇ ਕਰੀਅਰ ਦੀ ਸਰਵਸ੍ਰੇਸ਼ਠ ਪਾਰੀ ਖੇਡਦੇ ਹੋਏ 50 ਗੇਂਦਾਂ ਵਿਚ 9 ਚੌਕਿਆਂ ਤੇ 7 ਛੱਕਿਆਂ ਦੀ ਮਦਦ ਨਾਲ ਅਜੇਤੂ 97 ਦੌੜਾਂ ਬਣਾਈਆਂ, ਜਿਸ ਨਾਲ ਟੀਮ ਨੇ 6 ਵਿਕਟਾਂ 'ਤੇ 175 ਦੌੜਾਂ ਦਾ ਸਕੋਰ ਖੜ੍ਹਾ ਕੀਤਾ ਪਰ ਉਸਦੇ ਗੇਂਦਬਾਜ਼ ਇਸਦਾ ਬਚਾਅ ਕਰਨ ਵਿਚ ਅਸਫਲ ਰਹੇ।
ਕਾਰਤਿਕ ਤੋਂ ਇਲਾਵਾ ਕੋਲਕਾਤਾ ਲਈ ਸਿਰਫ ਨਿਤੀਸ਼ ਰਾਣਾ (21) ਹੀ 20 ਦੌੜਾਂ ਦੇ ਅੰਕੜੇ ਨੂੰ ਪਾਰ ਕਰ ਸਕਿਆ ਤੇ ਬਾਕੀ ਬੱਲੇਬਾਜ਼ ਪੂਰੀ ਤਰ੍ਹਾਂ ਅਸਫਲ ਰਹੇ। ਕਾਰਿਤਕ ਦੀ ਪਾਰੀ ਦੀ ਬਦੌਲਤ ਕੋਲਕਾਤਾ ਦੀ ਟੀਮ ਆਖਰੀ 5 ਓਵਰਾਂ ਵਿਚ 75 ਜਦਕਿ ਆਖਰੀ 10 ਓਵਰਾਂ ਵਿਚ 126 ਦੌੜਾਂ ਜੋੜਨ ਵਿਚ ਸਫਲ ਰਹੀ ਪਰ ਉਸਦਾ ਕੁਲ ਸਕੋਰ ਅੰਤ ਵਿਚ ਨਾਕਾਫੀ ਸਿੱਧ ਹੋਇਆ। ਇਸ ਜਿੱਤ ਨਾਲ ਰਾਜਸਥਾਨ ਦੇ 11 ਮੈਚਾਂ ਵਿਚੋਂ 4 ਜਿੱਤਾਂ ਨਾਲ 8 ਅੰਕ ਹੋ ਗਏ ਹਨ ਤੇ ਟੀਮ ਅੰਕ ਸੂਚੀ ਵਿਚ ਸੱਤਵੇਂ ਸਥਾਨ 'ਤੇ ਹੈ। ਕੇ. ਕੇ. ਆਰ. ਦੇ ਵੀ ਇੰਨੇ ਹੀ ਮੈਚਾਂ ਵਿਚੋਂ ਇੰਨੇ ਹੀ ਅੰਕ ਹਨ ਪਰ ਬਿਹਤਰ ਰਨ ਰੇਟ ਕਾਰਨ ਉਹ ਛੇਵੇਂ ਸਥਾਨ 'ਤੇ ਹੈ।