ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਬੋਹਰ ਤੋਂ ਮਦੰਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਲੁਟੇਰੇ 80 ਸਾਲਾਂ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ ਕਰਕੇ ਟਰਾਲੀ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ। ਇਹ ਘਟਨਾ ਦੇਰ ਰਾਤ ਕਰੀਬ 1 ਵਜੇ ਦੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਬਜ਼ੁਰਗ ਦੀ ਲਾਸ਼ ਖੇਤ ਵਿੱਚ ਮੰਜੇ ਨਾਲ ਬੰਨ੍ਹੀ ਹੋਈ ਮਿਲੀ। ਉਸ ਦੇ ਗਲੇ 'ਤੇ ਰੱਸੀ ਦੇ ਨਿਸ਼ਾਨ ਸਨ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਮ੍ਰਿਤਕ ਦੀ ਪਛਾਣ ਕਰਤਾਰ ਸਿੰਘ ਦੇ ਰੂਪ 'ਚ ਹੋਈ ਹੈ। ਉਹ ਪਿਛਲੇ 25 ਸਾਲਾਂ ਤੋਂ ਸੀਡ ਫਾਰਮ ਕੱਚਾ ਵਿਖੇ ਰਹਿ ਰਿਹਾ ਸੀ ਤੇ ਸੀਡ ਫਾਰਮ ਪੱਕਾ ਵਿਖੇ ਉਸ ਦੀ ਜ਼ਮੀਨ ਸੀ। ਜਿਸ 'ਤੇ ਉਹ ਖੇਤੀਬਾੜੀ ਕਰਦਾ ਸੀ। ਦੇਰ ਰਾਤ ਉਸ ਦਾ ਸਾਥੀ ਕਿਸਾਨ ਆਪਣੇ ਖੇਤਾਂ ਦਾ ਕੰਮ ਖ਼ਤਮ ਕਰਕੇ ਘਰ ਚਲਾ ਗਿਆ ਪਰ ਕਰਤਾਰ ਸਿੰਘ ਆਪਣੇ ਖੇਤ 'ਚ ਇੱਕਲਾ ਸੁੱਤਾ ਪਿਆ ਸੀ । ਇਸ ਦੌਰਾਨ ਲੁਟੇਰਿਆਂ ਨੇ ਉਸ ਦਾ ਕਤਲ ਕਰ ਦਿੱਤਾ ਤੇ ਟਰਾਲੀ ਲੈ ਕੇ ਫਰਾਰ ਹੋ ਗਏ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ।