ਨਿਊਜ਼ ਡੈਸਕ : ਕੋਰੋਨਾ ਕਾਲ ਤੋਂ ਬਾਅਦ ਕੈਨੇਡਾ 'ਚ ਰੁਜ਼ਗਾਰ ਦਰ ਵੱਧ ਗਈ ਹੈ। ਇਸ ਕਾਰਨ ਕੈਨੇਡਾ 'ਚ ਵਰਕਰਾਂ ਦੀ ਡਿਮਾਂਡ 'ਚ ਤੇਜ਼ੀ ਆਈ ਹੈ। ਇਥੋਂ ਦੀ ਆਬਾਦੀ ਲਗਾਤਾਰ ਵੱਧਦੀ ਔਸਤ ਉਮਰ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੈ। ਇਸ ਸਮੇਂ ਕੈਨੇਡਾ 'ਚ ਔਸਤ ਮੱਧ ਉਮਰ 41.1 ਸਾਲ ਪਹੁੰਚ ਗਈ ਹੈ। ਸਾਲ 2000 'ਚ ਇਹ 36.8 ਸੀ। ਦੂਜੇ ਵਾਸੇ ਕੈਨੇਡਾ ਦੀ ਅਰਥਵਿਵਸਥਾ ’ਚ ਵੀ ਤੇਜ਼ੀ ਦੇਖੀ ਜਾ ਰਹੀ ਹੈ। ਵੱਧਦੀ ਮੰਗ ਨੂੰ ਪੂਰਾ ਕਰਨ ਲਈ ਵੱਧ ਤੋਂ ਵੱਧ ਕੰਮ ਕਰਨ ਵਾਲਿਆਂ ਦੀ ਲੋੜ ਹੈ ਜੋ ਕਿ ਪ੍ਰਵਾਸੀਆਂ ਤੋਂ ਹੀ ਪੂਰੀ ਹੋ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇੱਥੇ ਲਗਭਗ 8.5 ਲੱਖ ਪੰਜਾਬੀ ਰਹਿੰਦੇ ਹਨ ਅਤੇ ਹਰ ਸਾਲ ਔਸਤਨ 20 ਹਜ਼ਾਰ ਪੰਜਾਬੀਆਂ ਨੂੰ ਪੀਆਰ ਮਿਲਦੀ ਹੈ।
ਮਾਰਚ 2021 'ਚ ਕੈਨੇਡਾ 'ਚ ਕੋਵਿਡ 19 ਪੀਕ ’ਤੇ ਸੀ। ਉਸ ਸਮੇਂ ਵੀ ਕਈ ਸੈਕਟਰਸ ਅਜਿਹੇ ਸਨ ਜਿੱਥੇ ਵਰਕਰਾਂ ਤੇ ਪ੍ਰੋਫੈਸ਼ਨਲਸ ਦੀ ਮੰਗ ਸੀ। ਕੁੱਲ ਆਸਾਮੀਆਂ 6.32 ਲੱਖ ਤੋਂ ਵੱਧ ਸਨ। ਕੋਵਿਡ ਦਾ ਪ੍ਰਭਾਵ ਘੱਟ ਹੋਣ ਨਾਲ ਸਾਰੇ ਸੈਕਟਰਾਂ ਵਿਚ ਮੰਗ ਹੋਰ ਵਧੀ ਹੈ, ਮਾਰਚ 2022 ਤਕ ਆਸਾਮੀਆਂ 60 ਫੀਸਦੀ ਵੱਧ ਕੇ 10 ਲੱਖ 12,900 ਦਾ ਅੰਕੜਾ ਪਾਰ ਚੁੱਕੀਆਂ ਹਨ।