ਨਿਊਜ਼ ਡੈਸਕ : ਰੂਸ-ਯੂਕਰੇਨ ਜੰਗ ਕਾਰਨ ਪੰਜਾਬ ਤੇ ਹੋਰ ਸੂਬਿਆਂ 'ਚ ਕੋਲਾ ਸੰਕਟ ਦੀ ਸਥਿਤੀ ਬਣ ਗਈ ਹੈ। ਜ਼ਿਕਰਯੋਗ ਹੈ ਕਿ ਰੂਸ ਦੁਨੀਆ ਦੇ ਕਈ ਦੇਸ਼ਾਂ ਨੂੰ ਕੋਲੇ ਦਾ ਨਿਰਯਾਤ ਕਰਦਾ ਹੈ। ਰੂਸ-ਯੂਕਰੇਨ ਜੰਗ ਕਾਰਨ ਕੋਲੇ ਦੀ ਕੀਮਤ ‘ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਜਿਹੜਾ ਕੋਲਾ ਪਿਛਲੇ ਸਾਲ 70 ਡਾਲਰ ਪ੍ਰਤੀ ਟਨ ਮਿਲ ਰਿਹਾ ਸੀ, ਹੁਣ ਉਸ ਕੋਲੇ ਦਾ ਰੇਟ ਵਧ ਕੇ 400 ਡਾਲਰ ਪ੍ਰਤੀ ਟਨ ਹੋ ਗਿਆ ਹੈ।
ਭਾਰਤ ਦੇ ਕਈ ਸੂਬਿਆਂ ਨੂੰ ਆਪਣੇ ਥਰਮਲ ਪਲਾਂਟਾਂ ਲਈ ਕੁਝ ਫੀਸਦੀ ਕੋਲਾ ਦੂਜੇ ਦੇਸ਼ਾਂ ਆਸਟ੍ਰੇਲੀਆ, ਰੂਸ ਤੋਂ ਪ੍ਰਾਪਤ ਕਰਨਾ ਪੈਂਦਾ ਹੈ ਪਰ ਅੰਤਰਰਾਸ਼ਟਰੀ ਮੰਡੀ 'ਚ ਕੋਲੇ ਦੀ ਕੀਮਤ ਵਧਣ ਕਾਰਨ ਕਈ ਪ੍ਰਾਈਵੇਟ ਥਰਮਲ ਪਲਾਂਟਾਂ ਨੇ ਬਾਹਰੋਂ ਕੋਲਾ ਮੰਗਵਾਉਣਾ ਬੰਦ ਕਰ ਦਿੱਤਾ ਹੈ। ਅੰਤਰਰਾਸ਼ਟਰੀ ਬਾਜ਼ਾਰ 'ਚ ਕੋਲੇ ਦੀ ਦਰ ਵਧਣ ਕਾਰਨ ਦੇਸ਼ 'ਚ ਕੋਲਾ ਖਾਣਾਂ ‘ਤੇ ਬੋਝ ਵਧ ਗਿਆ ਹੈ ਅਤੇ ਕੋਲਾ ਮਿਲਣਾ ਮੁਸ਼ਕਲ ਹੋ ਰਿਹਾ ਹੈ। ਦੂਜੇ ਪਾਸੇ ਕੇਂਦਰ ਸਰਕਾਰ ਨੇ ਰਾਜ ਬਿਜਲੀ ਬੋਰਡਾਂ ਨੂੰ ਬਾਹਰੋਂ 4 ਫੀਸਦੀ ਤੋਂ 10 ਫੀਸਦੀ ਤੱਕ ਕੋਲਾ ਆਯਾਤ ਕਰਨ ਲਈ ਕਿਹਾ ਹੈ। ਇਸ ਕਾਰਨ ਰਾਜ ਬਿਜਲੀ ਬੋਰਡਾਂ ‘ਤੇ ਵੀ ਵਿੱਤੀ ਬੋਝ ਵਧੇਗਾ।