ਵੈਨੇਜ਼ੂਏਲਾ : ‘ਤਖ਼ਤਾ-ਪਲਟ ਦੀ ਕੋਸ਼ਿਸ਼’ ਦੌਰਾਨ ਭੜਕੇ ਦੰਗੇ ਇਕ ਦੀ ਮੌਤ ਕਈ ਜ਼ਖ਼ਮੀ

by mediateam

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਲੈਟਿਨ ਅਮਰੀਕੀ ਦੇਸ਼ ਵੈਨੇਜ਼ੁਏਲਾ 'ਚ ਬੀਤੇ ਮੰਗਲਵਾਰ ਪੁਲਿਸ ਅਤੇ ਵਿਰੋਧੀ ਧਿਰ ਨੇਤਾ ਜ਼ੁਆਨ ਗੁਏਦੋ ਦੇ ਸਮਰਥਕਾਂ 'ਚ ਹਿੰਸਕ ਝੜਪ ਹੋ ਗਈ। ਮਾਦੁਰੋ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਤਖਤਾ-ਪਲਟ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਨੂੰ ਫੌਜ ਦਾ ਸਮਰਥਨ ਹਾਸਲ ਹੈ। ਦੰਗਿਆਂ ਤੋਂ ਬਾਅਦ ਰਾਜਧਾਨੀ ਕਰਾਕਸ 'ਚ ਆਸਮਾਨ ਕਾਲੇ ਧੂੰਏ ਨਾਲ ਭਰ ਗਿਆ। 


ਘਟਨਾ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦਰਜਨਾਂ ਲੋਕ ਜਖ਼ਮੀ ਹੋ ਗਏ।ਮੰਗਲਵਾਰ ਦੀ ਸ਼ਾਮ ਰਾਸ਼ਟਰਪਤੀ ਮਾਦੁਰੋ ਨੇ ਟੀਵੀ ਅਤੇ ਰੇਡਿਓ ਰਾਹੀਂ ਸੰਬੋਧਨ ਕਰ ਫੌਜ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਹਿੰਸਾ ਭੜਕਾਉਣ ਦੇ ਮਨਸੂਬਿਆਂ ਨੂੰ ਉਨ੍ਹਾਂ ਮਾਤ ਦਿੱਤੀ ਹੈ। ਚਿਤਾਵਨੀ ਦਿੰਦੇ ਹੋਏ ਮਾਦੁਰੋ ਨੇ ਕਿਹਾ ਕਿ ਅਜਿਹੀ ਕੋਸ਼ਿਸ਼ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।


ਉਂਧਰ ਵਿਰੋਧੀ ਧਿਰ ਨੇਤਾ ਗਾਏਦੋ ਨੂੰ ਅਮਰੀਕਾ ਨੇ ਆਪਣਾ ਸਮਰਥਨ ਦੋਹਰਾਇਆ ਹੈ। ਅਮਰੀਕੀ ਰਾਸ਼ਟਰਪਤੀ ਨੇ ਇੱਕ ਟਵੀਟ ਕੀਤਾ ਤੇ ਲਿਖਿਆ ਕਿ ਵੈਨੇਜ਼ੂਏਲਾ ਦੇ ਲੋਕਾਂ ਦੀ ਆਜ਼ਾਦੀ ਲਈ ਅਮਰੀਕਾ ਉਨ੍ਹਾਂ ਨਾਲ ਖੜਾ ਹੈ। ਨੈਸ਼ਨਲ ਐਸੈਂਬਲੀ ਦੇ ਨੇਤਾ ਜੁਆਨ ਗੁਏਦੋ ਨੇ ਮੰਗਲਵਾਰ ਸਵੇਰੇ ਆਪਣਾ ਇੱਕ ਵੀਡੀਓ ਜਾਰੀ ਕਰ ਸੈਨਾ ਨੂੰ ਅਪੀਲ ਕੀਤੀ ਸੀ ਕਿ ਮਾਦੁਰੋ ਨੂੰ ਸੱਤਾ ਤੋਂ ਬੇ-ਦਖ਼ਲ ਕਰਨ ਦੀ ਮੁਹਿੰਮ 'ਚ ਸੈਨਾ ਉਨਾਂ ਦਾ ਸਾਥ ਦੇਵੇ। ਉਨ੍ਹਾਂ ਦੀ ਇਸ ਅਪੀਲ ਤੋਂ ਬਾਅਦ ਵਿਰੋਧੀ ਸਮਰਥਕ ਹਜ਼ਾਰਾਂ ਦੀ ਗਿਣਤੀ ਚ ਏਅਰ ਬੇਸ ਦੇ ਨਜ਼ਦੀਕ ਹਾਈਵੇ 'ਤੇ ਇਕਠੇ ਹੋ ਗਏ। ਇਸ ਦੌਰਾਨ ਪ੍ਰਦਰਸ਼ਨਕਾਰਿਆਂ ਦੀ ਸੈਨਾਂ ਨਾਲ ਝੜਪ ਹੋ ਗਈ।


ਵੈਨੇਜ਼ੂਏਲਾ ਦੇ ਸੈਨਾ ਮੁੱਖੀ ਨੇ ਮੰਗਲਵਾਰ ਨੂੰ ਦੇਸ਼ 'ਚ ਖ਼ੂਨ-ਖਰਾਬੇ ਦੀ ਚਿਤਾਵਨੀ ਦਿੱਤੀ। ਜਰਨਲ ਵਲਾਦਿਮੀਰ ਪਾਦਰਿਨੋ ਨੇ ਕਿਹਾ ਕਿ ਉਹ ਖ਼ੂਨ-ਖਰਾਬੇ ਅਤੇ ਹਿੰਸਾ ਲਈ ਵਿਰੋਧੀਆਂ ਨੂੰ ਜ਼ਿੰਮੇਵਾਰ ਮੰਨਦੇ ਹਨ। ਪਾਦਰਿਨੋ ਨੇ ਇਹ ਬਿਆਨ ਸੈਨਾ ਦੀ ਹਾਈ ਕਮਾਨ ਨੂੰ ਸੰਬੋਧਿਤ ਕਰਦਿਆਂ ਦਿੱਤਾ ਹੈ।ਦੱਸਣਯੋਗ ਹੈ ਕਿ ਵਿਰੋਧੀ ਆਗੂ ਜੁਆਨ ਗੁਏਦੋ ਲਗਾਤਾਰ ਦੇਸ਼ ਦਾ ਸ਼ਾਸਨ ਆਪਣੇ ਹੱਥ 'ਚ ਲੈਣ ਦੀ ਕੋਸ਼ਿਸ ਕਰ ਰਹੇ ਹਨ ਅਤੇ ਸੈਨਾ ਵਿਵਾਦਾਂ 'ਚ ਘਿਰੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਦਾ ਸਮਰਥਨ ਕਰ ਰਹੀ ਹੈ।