ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਵਿਧਾਨ ਸਭਾ 'ਚ ਉਸ ਸਮੇਂ ਹੰਗਾਮਾ ਹੋਇਆ ਜਦੋਂ ਵਿਰੋਧੀ ਧਿਰ ਕਾਂਗਰਸ ਨੇ ਕਾਨੂੰਨ ਵਿਵਸਥਾ 'ਤੇ ਚਰਚਾ ਦੀ ਮੰਗ ਕਰਦੇ ਹੋਏ ਮੁਲਤਵੀ ਮਤਾ ਪੇਸ਼ ਕੀਤਾ। ਹਾਲਾਂਕਿ ਉਸ ਦੀ ਮੰਗ ਨੂੰ ਠੁਕਰਾ ਦਿੱਤਾ ਗਿਆ। ਇਸ ’ਤੇ ਕਾਂਗਰਸੀ ਮੈਂਬਰਾਂ ਨੇ ਸੀਟ ਨੇੜੇ ਆ ਕੇ ਨਾਅਰੇਬਾਜ਼ੀ ਕੀਤੀ।
ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਵਿਰੋਧੀ ਧਿਰ ਦੇ ਮੁਲਤਵੀ ਮਤੇ ਨੂੰ ਇਸ ਆਧਾਰ 'ਤੇ ਰੱਦ ਕਰ ਦਿੱਤਾ ਗਿਆ ਕਿ ਮਾਮਲਾ ਵਿਚਾਰ ਅਧੀਨ ਹੈ। ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਬਾਜਵਾ ਨੇ ਕਿਹਾ, ''ਕਾਨੂੰਨ ਵਿਵਸਥਾ ਦਾ ਸਾਰਾ ਮਾਮਲਾ ਅਦਾਲਤ ਦੇ ਅਧੀਨ ਕਿਵੇਂ ਹੋ ਸਕਦਾ ਹੈ, ਇਕ ਜਾਂ ਦੋ ਜਾਂ ਕੁਝ ਮਾਮਲੇ ਅਦਾਲਤ ਦੇ ਅਧੀਨ ਹੋ ਸਕਦੇ ਹਨ।
ਪੰਜਾਬੀ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੇ ਕਤਲ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕਈ ਘਟਨਾਵਾਂ ਤੋਂ ਪਤਾ ਲੱਗਦਾ ਹੈ ਕਿ ਅਮਨ-ਕਾਨੂੰਨ ਦੀ ਹਾਲਤ ਖ਼ਰਾਬ ਹੈ।
ਕਾਂਗਰਸੀ ਵਿਧਾਇਕ ਕੁਝ ਸਮੇਂ ਲਈ ਸਦਨ ਤੋਂ ਵਾਕਆਊਟ ਕਰ ਗਏ। ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀਡੀਓ 'ਚ ਦਿੱਤੇ ਆਪਣੇ ਬਿਆਨ 'ਤੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ ਕਿ ''ਉਨ੍ਹਾਂ ਦੀ ਜਾਨ ਨੂੰ ਖਤਰਾ ਹੈ।''
“ਕੀ ਇਸ ਤੋਂ ਵੱਡੀ ਗੱਲ ਹੋਰ ਵੀ ਹੋ ਸਕਦੀ ਹੈ ਕਿ ਕਿਸੇ ਰਾਜ ਦਾ ਮੁਖੀ ਇਹ ਕਹੇ ਕਿ ਉਸ ਦੀ ਜਾਨ ਨੂੰ ਖਤਰਾ ਹੈ। ਅਸੀਂ ਬਹੁਤ ਚਿੰਤਤ ਹਾਂ। ਜੇਕਰ ਮੁੱਖ ਮੰਤਰੀ ਨੇ ਸੰਗਰੂਰ ਜ਼ਿਮਨੀ ਚੋਣ ਪ੍ਰਚਾਰ ਦੌਰਾਨ ਇਹ ਨਾ ਕਿਹਾ ਹੁੰਦਾ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ ਤਾਂ ਅਸੀਂ ਕਾਨੂੰਨ ਵਿਵਸਥਾ 'ਤੇ ਚਰਚਾ ਦੀ ਮੰਗ ਨਹੀਂ ਕਰਨੀ ਸੀ।