ਪੱਤਰ ਪ੍ਰੇਰਕ : ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ 'ਤੇ ਵਰ੍ਹਦਿਆਂ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਹਨ। ਇਸ ਦੇ ਨਾਲ ਹੀ ਸਿੱਧੂ ਨੇ ਕਿਹਾ ਕਿ ਕਾਂਗਰਸ ਇੱਕ ਅਜਿਹੀ ਪਾਰਟੀ ਹੈ ਜਿਸ ਵਿੱਚ ਵੱਖ-ਵੱਖ ਵਿਚਾਰਧਾਰਾਵਾਂ ਨੂੰ ਸਵੀਕਾਰ ਕੀਤਾ ਜਾਂਦਾ ਹੈ। ਉਨ੍ਹਾਂ ਦਾ ਅਤੇ ਪੰਜਾਬ ਕਾਂਗਰਸ ਵਿਚ ਕੋਈ ਵਿਵਾਦ ਨਹੀਂ ਹੈ, ਲੋਕਾਂ ਨੇ ਇਹ ਭੁਲੇਖਾ ਪੈਦਾ ਕੀਤਾ ਹੈ।ਇਸ ਦੇ ਨਾਲ ਹੀ ਸਿੱਧੂ ਨੇ ਸਪੱਸ਼ਟ ਕੀਤਾ ਕਿ ਜੇਕਰ ਵੱਡੀ ਲੜਾਈ ਲੜਨੀ ਹੈ ਤਾਂ 'ਆਪ' ਦਾ ਸਾਥ ਜ਼ਰੂਰੀ ਹੈ। ਇਹ ਗੱਲ ਪ੍ਰਧਾਨ ਮੰਤਰੀ ਦੀ ਕੁਰਸੀ ਦੀ ਹੈ। ਪ੍ਰਧਾਨ ਮੰਤਰੀ ਨੇ ਪੰਜਾਬ ਲਈ ਕੀ ਕੀਤਾ? ਸਾਨੂੰ ਇਸ ਬਾਰੇ ਸੋਚਣਾ ਪਵੇਗਾ। ਵੱਡੀਆਂ ਲੜਾਈਆਂ ਲਈ ਸਮਰਥਨ ਜ਼ਰੂਰੀ ਹੈ।
ਦੂਜੇ ਪਾਸੇ ਸਿੱਧੂ ਪੰਜਾਬ ਦੀ 'ਆਪ' ਸਰਕਾਰ 'ਤੇ ਵੀ ਭੜਕਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਸੰਵਿਧਾਨ ਉਹ ਹੈ ਜਿਸ ਵਿੱਚ ਲੋਕਾਂ ਦੀ ਸ਼ਕਤੀ ਲੋਕਾਂ ਨੂੰ ਦਿੱਤੀ ਗਈ ਹੈ ਪਰ ਪੰਜਾਬ ਵਿੱਚ ਅਜਿਹਾ ਨਹੀਂ ਹੋ ਰਿਹਾ। ਉਹ ਖੁਦ ਸੀਐਮ ਮਾਨ ਕੋਲ ਫਾਈਲ ਲੈ ਕੇ ਗਏ ਸਨ ਅਤੇ ਕਿਹਾ ਸੀ ਕਿ ਪੰਜਾਬ ਦੇ ਸੁਪਨਿਆਂ ਨੂੰ ਚਕਨਾਚੂਰ ਨਾ ਹੋਣ ਦਿਓ। ਪਰ ਕੁਝ ਨਹੀਂ ਹੋਇਆ। ਪੰਜਾਬ ਵਿੱਚ ਅੱਜ ਜੇਕਰ ਕੋਈ ਬੱਚਾ ਪੈਦਾ ਹੁੰਦਾ ਹੈ ਤਾਂ ਉਸ ਦੇ ਸਿਰ 1 ਲੱਖ 20 ਹਜ਼ਾਰ ਰੁਪਏ ਦਾ ਕਰਜ਼ਾ ਹੈ। ਜੇਕਰ ਪੰਜਾਬ ਨੂੰ ਲੁੱਟਿਆ ਨਹੀਂ ਜਾ ਰਿਹਾ, ਇਸ ਦੇ ਵਸੀਲੇ ਖਰਚ ਨਹੀਂ ਕੀਤੇ ਜਾ ਰਹੇ ਤਾਂ ਇਹ ਕਰਜ਼ਾ ਕਿਵੇਂ ਵਧ ਰਿਹਾ ਹੈ।
ਸਿੱਧੂ ਨੇ ਦੋਸ਼ ਲਾਇਆ ਕਿ ਸਰਕਾਰ ਨੇ 1 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕਰਨ ਦੀ ਗੱਲ ਕੀਤੀ ਸੀ ਪਰ ਹੋਇਆ ਇਸ ਦੇ ਉਲਟ ਹੈ। ਹੁਣ ਵਿਆਜ ਸਮੇਤ ਕਰਜ਼ਾ ਹੋਰ ਵਧ ਗਿਆ ਹੈ। ਇਹ 90 ਹਜ਼ਾਰ ਕਰੋੜ ਰੁਪਏ ਸੀ। ਹੁਣ ਇਹ 1 ਲੱਖ 10 ਹਜ਼ਾਰ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਇਹ ਕਰਜ਼ਾ ਉਦੋਂ ਹੀ ਮੁਆਫ਼ ਹੋ ਸਕਦਾ ਹੈ ਜਦੋਂ ਝੂਠ ਵੇਚਣਾ ਬੰਦ ਕੀਤਾ ਜਾਵੇ। ਸਿੱਧੂ ਨੇ ਕਿਹਾ ਕਿ ਮੇਰੀ ਲੜਾਈ ਨੀਤੀਆਂ ਨੂੰ ਲੈ ਕੇ ਹੈ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਸਨ ਤੇ ਉਨ੍ਹਾਂ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਸਨ। ਉਨ੍ਹਾਂ ਦੀਆਂ ਨੀਤੀਆਂ ਵਿੱਚ ਅੰਤਰ ਸੀ।
ਉਨ੍ਹਾਂ ਕਿਹਾ ਕਿ ਸੀਐਮ ਮਾਨ ਨੇ ਗੁਰਬਾਣੀ ਦੀ ਗੱਲ ਕੀਤੀ ਤਾਂ ਉਹ ਉਨ੍ਹਾਂ ਦੇ ਨਾਲ ਖੜ੍ਹੇ ਸਨ। ਪਰ CM ਮਾਨ 6 ਲੱਖ ਰੁਪਏ ਪ੍ਰਤੀ ਘੰਟਾ ਖਰਚ ਕੇ ਹਵਾਈ ਜਹਾਜ ਵਿੱਚ ਬੈਠ ਕੇ ਆਪਣੇ ਆਕਾਵਾਂ ਨੂੰ ਖੁਸ਼ ਕਰਨ ਵਿੱਚ ਲੱਗੇ ਹੋਏ ਹਨ ਪਰ ਵੋਟ ਪਈ ਨਹੀਂ ਤੇ ਹੁਣ ਗੱਲ 13 ਸੀਟਾਂ ਜਿੱਤਣ ਦੀ ਕਰਦੇ ਹਨ। ਸਿੱਧੂ ਨੇ ਕਿਹਾ ਕਿ 'ਆਪ' ਲੋਕ ਸਭਾ 'ਚ ਜ਼ੀਰੋ ਸੀ। ਕਾਂਗਰਸ ਤੋਂ ਉਧਾਰ ਮੰਗੇ ਉਮੀਦਵਾਰ ਅਤੇ ਪੁਲਿਸ ਬਲ ਦੇ ਨਾਲ ਇੱਕ ਸੀਟ ਜਿੱਤੀ। ਨਵਜੋਤ ਸਿੱਧੂ ਨੇ ਕਿਹਾ ਕਿ 'ਆਪ' ਆਪਣੇ ਆਪ ਨੂੰ ਕੌਮੀ ਪਾਰਟੀ ਕਿਵੇਂ ਕਹਿ ਸਕਦੀ ਹੈ?