ਮੰਦੀ ਦੀ ਮਾਰ ਝੱਲ ਰਹੇ ਵਾਪਰੀਆਂ ਨੂੰ ਕੈਪਟਨ ਤੇ ਮੋਦੀ ਸਰਕਾਰ ਕਰੇ ਰਾਹਤ ਪੈਕੇਜ ਜਾਰੀ :- ਅਨਿਲ ਠਾਕੁਰ

by vikramsehajpal

ਮਾਨਸਾ (ਐਨ ਆਰ ਆਈ ਮੀਡਿਆ) : ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਆਮ ਆਦਮੀ ਪਾਰਟੀ ਦੇ ਟ੍ਰੇਡ ਐਂਡ ਇੰਡਸਟਰੀਅਲ ਵਿੰਗ ਦੇ ਸੀਨੀਅਰ ਵਾਈਸ ਪ੍ਰਧਾਨ ਅਨਿਲ ਠਾਕੁਰ ਨੇ ਕਿਹਾ ਹੈ ਕਿ ਵਪਾਰੀਆਂ ਨੂੰ ਟੈਕਸਾਂ ਵਿੱਚ ਰਾਹਤ ਦੇਣ ਦੇ ਨਾਲ ਨਾਲ ਉਨ੍ਹਾਂ ਦੇ ਕਰਜੇ ਵੀ ਮੁਆਫ ਕੀਤੇ ਜਾਣ ਕਿਉਂਕਿ ਕੋਰੋਨਾ ਮਹਾਂਮਾਰੀ ਕਾਰਨ ਕੀਤੀ ਜਾਂਦੀ ਤਾਲਾਬੰਦੀ ਕਰਕੇ ਹਰ ਤਰ੍ਹਾਂ ਦਾ ਵਪਾਰ ਠੱਪ ਹੋ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਬੀਤੇ ਸਾਲ ਤੋਂ ਕੋੋਰੋਨਾ ਕਾਰਨ ਸਰਕਾਰਾਂ ਨੇ ਵੱਖ ਸਮੇਂ ਸਮੇਂ 'ਤੇ ਤਾਲਾਬੰਦੀ ਲਾਗੂ ਕੀਤੀ ਹੈ, ਜਿਸ ਕਾਰਨ ਸੂਬੇ 'ਚ ਹਰ ਤਰ੍ਹਾਂ ਕਾਰੋਬਾਰ ਠੱਪ ਹੋ ਰਹਿ ਗਿਆ ਅਤੇ ਵਪਾਰੀਆਂ ਨੂੰ ਵੱਡੇ ਘਾਟੇ ਪਏ ਹਨ। ਤਾਲਾਬੰਦੀ ਕਾਰਨ ਜਿਥੇ ਵਪਾਰੀਆਂ ਨੂੰ ਵੱਡੇ ਪੱਧਰ 'ਤੇ ਆਰਥਿਕ ਨੁਕਸਾਨ ਹੋਇਆ ਹੈ, ਉਥੇ ਹੀ ਦਿਹਾੜੀਦਾਰਾਂ ਦੀ ਰੋਜੀ ਰੋਟੀ ਵੀ ਠੱਪ ਹੋ ਕੇ ਰਹਿ ਗਈ ਹੈ।

ਉਨ੍ਹਾਂ ਕਿਹਾ ਕਿ ਮੁਸੀਬਤ ਸਮੇਂ ਆਪਣੇ ਨਾਗਰਿਕਾਂ ਦੀ ਮਦਦ ਕਰਨਾ ਹਰ ਸਰਕਾਰ ਦੀ ਜ਼ਿਮੇਵਾਰੀ ਹੈ, ਇਸ ਲਈ ਕੇਂਦਰ ਦੀ ਨਰਿੰਦਰ ਮੋਦੀ ਅਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਵਪਾਰੀ ਵਰਗ ਦੀ ਆਰਥਿਕ ਮਦਦ ਕਰਨੀ ਚਾਹੀਦੀ ਹੈ। ਅਨਿਲ ਠਾਕੁਰ ਨੇ ਮੰਗ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਵਪਾਰੀਆਂ ਨੂੰ ਟੈਕਸਾਂ,ਬਿਜਲੀ ਬਿੱਲ , ਪ੍ਰਾਪਰਟੀ ਟੈਕਸ ਵਿੱਚ ਰਾਹਤ ਦੇਣ ਦੇ ਨਾਲ ਨਾਲ ਵਪਾਰੀਆਂ ਵੱਲੋਂ ਲਏ ਗਏ ਕਰਜੇ ਨੂੰ ਮੁਆਫ ਵੀ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰੋਜੀ ਰੋਟੀ ਲਈ ਆਏ ਪ੍ਰਵਾਸੀ ਮਜਦੂਰਾਂ ਦੀ ਤਾਲਾਬੰਦੀ ਦੌਰਾਨ ਆਰਥਿਕਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਮਜਦੂਰਾਂ ਦਾ ਜੀਵਨ ਬਸਰ ਔਖਾ ਹੋ ਗਿਆ ਹੈ।

ਇਹ ਮਜਦੂਰ ਪੰਜਾਬ ਨੂੰ ਛੱਡ ਕੇ ਆਪਣੇ ਪਿਤਰੀ ਰਾਜਾਂ ਨੂੰ ਜਾ ਰਹੇ ਹਨ। ਸਰਕਾਰ ਇਨ੍ਹਾਂ ਮਜਦੂਰਾਂ ਲਈ ਰਾਸਨ ਪਾਣੀ ਦਾ ਪ੍ਰਬੰਧ ਕਰੇ ਤਾਂ ਜੋ ਮਜਦੂਰ ਦੀ ਹਿਜਰਤ ਨੂੰ ਰੋਕਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਦਿੱਲੀ ਵਿੱਚ ਰਹਿੰਦੇ ਲੋਕਾਂ ਨੂੰ ਮੁਫਤ ਬਿਜਲੀ ਪਾਣੀ ਦੇ ਨਾਲ ਨਾਲ ਆਰਥਿਕ ਸਹਾਇਤਾ ਵੀ ਮੁਹਈਆ ਕਰਵਾਈ ਹੈ। ਪੰਜਾਬ ਦੀ ਕੈਪਟਨ ਸਰਕਾਰ ਨੂੰ ਵੀ ਦਿੱਲੀ ਸਰਕਾਰ ਦੀ ਤਰਜ 'ਤੇ ਸੂਬੇ ਦੇ ਲੋਕਾਂ ਅਤੇ ਪ੍ਰਵਾਸੀ ਮਜਦੂਰਾਂ ਨੂੰ ਵਿੱਤੀ ਮਦਦ ਜਰੂਰ ਦੇਣੀ ਚਾਹੀਦੀ ਹੈ