ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦੀਪ ਸਿੱਧੂ ਦੀ ਮੰਗੇਤਰ ਹੋਣ ਦੇ ਦਾਅਵੇ ਕਰਨ ਵਾਲੀ ਰੀਨਾ ਰਾਏ ਦਾ ਕਹਿਣਾ ਹੈ ਕਿ ਜਦੋਂ ਸੜਕ ਹਾਦਸਾ ਹੋਇਆ ਤਾਂ ਉਹ ਦੀਪ ਸਿੱਧੂ ਦੇ ਨਾਲ ਮੌਜੂਦ ਸੀ। ਹਾਦਸੇ ਤੋਂ ਬਾਅਦ ਉਸ ਨੂੰ ਵਾਪਸ ਭੇਜ ਦਿੱਤਾ ਗਿਆ। ਅਮਰੀਕਾ ਦੀ ਰਹਿਣ ਵਾਲੀ ਰੀਨਾ ਨੇ ਬਹੁਤ ਛੇਤੀ ਦੀਪ ਸਿੱਧੂ ਦੇ ਨਾਲ ਵਿਆਹ ਦੇ ਬੰਧਨ ’ਚ ਬੱਝਣ ਵਾਲੀ ਸੀ।
ਦੀਪ ਸਿੱਧੂ ਦੇ ਸੜਕ ਹਾਦਸੇ ਬਾਰੇ ਉਸ ਨੇ ਕਿਹਾ ਕਿ ਉਹ ਦੀਪ ਦੇ ਨਾਲ ਵਾਲੀ ਸੀਟ ਨੂੰ ਪਿੱਛੇ ਕਰ ਕੇ ਲੇਟੀ ਹੋਈ ਸੀ। ਹਾਦਸੇ ਦੇ ਸਮੇਂ ਗੱਡੀ ’ਚ ਫੋਨ ਅਤੇ ਕਾਫ਼ੀ ਸਾਮਾਨ ਵੀ ਮੌਜੂਦ ਸੀ ਜੋ ਕਿ ਕਾਫ਼ੀ ਦਿਨਾਂ ਤੱਕ ਪੁਲਿਸ ਦੇ ਕੋਲ ਰਿਹਾ। ਜਦੋਂ ਫੋਨ ਅਤੇ ਸਾਮਾਨ ਦੀਪ ਦੇ ਪਰਿਵਾਰ ਵਾਲਿਆਂ ਨੂੰ ਮਿਲਿਆ ਤਾਂ ਉਸ ਨੇ ਫੋਨ ਵਾਪਸ ਮੰਗਿਆ ਪਰ ਉਸ ਨੂੰ ਫੋਨ ਵਾਪਸ ਨਹੀਂ ਦਿੱਤਾ ਗਿਆ। ਫੋਨ ’ਚ ਉਸ ਦੀ ਗੱਲਬਾਤ ਅਤੇ ਕਾਫ਼ੀ ਫੋਟੋਗ੍ਰਾਫ ਮੌਜੂਦ ਸੀ।
ਉਸ ਨੇ ਕਿਹਾ ਕਿ ਉਹ ਦੀਪ ਦੇ ਸ਼ਰਧਾਂਜਲੀ ਸਮਾਰੋਹ ’ਚ ਸ਼ਾਮਲ ਹੋਣਾ ਚਾਹੁੰਦੀ ਸੀ ਪਰ ਉਸ ਨੂੰ ਰੋਕ ਦਿੱਤਾ ਗਿਆ। ਉਸ ਨਾਲ ਵਾਅਦਾ ਕੀਤਾ ਗਿਆ ਸੀ ਕਿ ਕੁਝ ਦਿਨਾਂ ਬਾਅਦ ਉਸ ਦੇ ਅਤੇ ਦੀਪ ਦੇ ਰਿਸ਼ਤਿਆਂ ਬਾਰੇ ਇਕ ਵੀਡੀਓ ਬਣਾ ਕੇ ਸੱਚ ਜਨਤਾ ਨੂੰ ਦੱਸ ਦਿੱਤਾ ਜਾਵੇਗਾ ਪਰ ਅਜਿਹਾ ਨਹੀਂ ਹੋਇਆ, ਜਿਸ ਨਾਲ ਉਹ ਬੇਹੱਦ ਦੁਖੀ ਹੈ। ਉਸ ਨੂੰ ਹਾਦਸੇ ਤੋਂ ਬਾਅਦ ਅਮਰੀਕਾ ਭੇਜ ਦਿੱਤਾ ਗਿਆ ਅਤੇ ਦੀਪ ਦੇ ਚਾਹੁਣ ਵਾਲਿਆਂ ਤੋਂ ਕਈ ਗੱਲਾਂ ਲੁਕਾਈਆਂ ਗਈਆਂ, ਇਸ ਲਈ ਉਹ ਸਾਹਮਣੇ ਆਈ ਹੈ।