ਸੂਬੇ ਦੇ 1,07,571 ਬੋਗਸ ਪੈਨਸ਼ਨਰਾਂ ਤੋਂ ਕਰੀਬ 44.34 ਕਰੋੜ ਰੁਪਏ ਦੀ ਕੀਤੀ ਰਿਕਵਰੀ

by vikramsehajpal

ਚੰਡੀਗੜ੍ਹ (ਸਰਬ) : ਪੰਜਾਬ ਦੇ ਸਮਾਜਿਕ ਸੁਰੱਖਿਆ ਵਿਭਾਗ ਨੇ ਸੂਬੇ ਵਿੱਚ ਲਗਪਗ 1,07,571 ਬੋਗਸ ਪੈਨਸ਼ਨਰਾਂ ਤੋਂ ਕਰੀਬ 44.34 ਕਰੋੜ ਰੁਪਏ ਦੀ ਰਿਕਵਰੀ ਕੀਤੀ ਹੈ।

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਦੇ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਪੈਨਸ਼ਨ ਸਕੀਮ ਅਧੀਨ ਸੂਬੇ ਦੇ ਲੱਖਾਂ ਲੋਕਾਂ ਨੂੰ ਪੈਨਸ਼ਨਾਂ ਦਿੱਤੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਵਿਚੋਂ ਲਗਪਗ 1,07,571 ਵਿਅਕਤੀ ਗਲਤ ਢੰਗ ਨਾਲ ਪੈਨਸ਼ਨ ਲੈ ਰਹੇ ਸਨ। ਇਸ ਬਾਰੇ ਪਤਾ ਲੱਗਦਿਆਂ ਹੀ ਵਿਭਾਗ ਨੇ 1,07,571 ਪੈਨਸ਼ਨਰਾਂ ਤੋਂ 44.34 ਕਰੋੜ ਰੁਪਏ ਦੀ ਰਿਕਵਰੀ ਕਰਵਾਈ ਹੈ।

ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਵਿੱਚ ਵਿੱਤ ਵਰ੍ਹੇ 2023-24 ਵਿੱਚ 33,48,989 ਪੈਨਸ਼ਨਰਾਂ ਨੂੰ ਪੈਨਸ਼ਨ ਸਕੀਮ ਅਧੀਨ ਪੈਨਸ਼ਨ ਦਿੱਤੀ ਗਈ। ਇਸ ਵਿੱਚੋਂ ਕਾਫੀ ਲੋਕ ਗਲਤ ਢੰਗ ਨਾਲ ਪੈਨਸ਼ਨ ਲੈ ਰਹੇ ਸਨ। ਇਸ ਬਾਰੇ ਜਾਣਕਾਰੀ ਮਿਲਦੇ ਹੀ ਵਿਭਾਗ ਵੱਲੋਂ ਸੂਬੇ ਭਰ ਵਿੱਚ ਸਰਵੇਖਣ ਕਰਵਾਇਆ ਗਿਆ ਜਿਸ ਵਿੱਚ 1,07,571 ਲੋਕਾਂ ਦੇ ਗਲਤ ਢੰਗ ਨਾਲ ਪੈਨਸ਼ਨ ਲੈਣ ਦਾ ਖੁਲਾਸਾ ਹੋਇਆ। ਇਨ੍ਹਾਂ ਵਿੱਚ 1,06,521 ਪੈਨਸ਼ਨਰ ਫੌਤ ਹੋ ਚੁੱਕੇ ਸਨ, ਜਿਨ੍ਹਾਂ ਦੀ ਪੈਨਸ਼ਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਲੈ ਰਹੇ ਸਨ। ਇਸ ਤੋਂ ਇਲਾਵਾ 476 ਪੈਨਸ਼ਨਰ ਐੱਨਆਰਆਈ ਅਤੇ 574 ਸਰਕਾਰੀ ਪੈਨਸ਼ਨਰ ਸਨ। ਉਨ੍ਹਾਂ ਕਿਹਾ ਕਿ ਗਲਤ ਢੰਗ ਨਾਲ ਪੈਨਸ਼ਨ ਲੈਣ ਵਾਲਿਆਂ ਤੋਂ 41.22 ਕਰੋੜ ਰੁਪਏ ਦੀ ਰਿਕਵਰੀ ਕਰਵਾਈ ਗਈ ਹੈ।

ਮੰਤਰੀ ਨੇ ਕਿਹਾ ਕਿ ਇਸੇ ਤਰ੍ਹਾਂ ਮੌਜੂਦਾ ਵਿੱਤੀ ਵਰ੍ਹੇ 2024-25 ਦੇ ਅਪਰੈਲ ਮਹੀਨੇ ਦੌਰਾਨ 3,797 ਲਾਭਪਾਤਰੀ ਅਯੋਗ ਪਾਏ ਗਏ ਹਨ, ਜਿਨ੍ਹਾਂ ਤੋਂ 3.12 ਕਰੋੜ ਰੁਪਏ ਦੀ ਰਿਕਵਰੀ ਕੀਤੀ ਗਈ ਹੈ ਅਤੇ ਸਟੇਟ ਪੈਨਸ਼ਨ ਸਕੀਮ ਅਧੀਨ ਕੁੱਲ 44.34 ਕਰੋੜ ਰੁਪਏ ਦੀ ਰਿਕਵਰੀ ਹੋਈ ਹੈ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਮੁਤਾਬਕ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ 5,375 ਲੋਕ ਗਲਤ ਢੰਗ ਨਾਲ ਪੈਨਸ਼ਨ ਲੈ ਰਹੇ ਸਨ, ਜਿਨ੍ਹਾਂ ਤੋਂ 3.5 ਕਰੋੜ ਰੁਪਏ ਦੀ ਰਿਕਰਵੀ ਕੀਤੀ ਹੈ।

ਇਸੇ ਤਰ੍ਹਾਂ ਬਰਨਾਲਾ ਵਿੱਚ 3402 ਪੈਨਸ਼ਨਰਾਂ ਤੋਂ 1.77 ਕਰੋੜ ਰੁਪਏ, ਬਠਿੰਡਾ ਵਿੱਚ 16099 ਤੋਂ 1.08 ਕਰੋੜ ਰੁਪਏ, ਫਰੀਦਕੋਟ ਵਿੱਚ 2546 ਤੋਂ 95.15 ਲੱਖ ਰੁਪਏ, ਫਤਿਹਗੜ੍ਹ ਸਾਹਿਬ ਵਿੱਚ 3049 ਤੋਂ 61.38 ਲੱਖ, ਫਿਰੋਜ਼ਪੁਰ ਵਿੱਚ 4018 ਤੋਂ 48.52 ਲੱਖ ਰੁਪਏ, ਫਾਜ਼ਿਲਕਾ ਵਿੱਚ 4965 ਤੋਂ 80.24 ਲੱਖ ਰੁਪਏ ਦੀ ਰਿਕਵਰੀ ਕੀਤੀ ਗਈ ਹੈ।