ਦਿੱਲੀ(ਦੇਵ ਇੰਦਰਜੀਤ) :ਲਾਲ ਕਿਲ੍ਹੇ 'ਚ ਹੋਈ ਹਿੰਸਾ ਨੂੰ ਲੈ ਕੇ ਗ੍ਰਿਫਤਾਰ ਕੀਤੇ ਗਏ ਅਦਾਕਾਰ-ਵਰਕਰ ਦੀਪ ਸਿੱਧੂ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਕੋਈ 'ਗਲਤ ਇਰਾਦਾ' ਨਹੀਂ ਸੀ। ਜਿਵੇਂ ਸਾਰੇ ਉਥੇ ਜਾ ਰਹੇ ਸਨ ਤਾਂ ਉਹ ਵੀ ਉਥੇ ਚਲਾ ਗਿਆ ਸੀ। ਦਿੱਲੀ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਸਿੱਧੂ ਨੂੰ 7 ਦਿਨ ਦੀ ਪੁਲਸ ਹਿਰਾਸਤ ਵਿਚ ਭੇਜ ਦਿੱਤਾ ਸੀ। ਉਸ ਤੋਂ ਇਕ ਦਿਨ ਪਹਿਲਾਂ ਉਸ ਨੂੰ ਕਰਨਾਲ ਬਾਈਪਾਸ ਤੋਂ ਗ੍ਰਿਫਤਾਰ ਕੀਤਾ ਗਿਆ ਸੀ।
ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਅਪਰਾਧ ਸ਼ਾਖਾ ਦੇ ਹਵਾਲੇ ਕਰ ਦਿੱਤਾ ਗਿਆ ਸੀ ਜੋ ਇਤਿਹਾਸਕ ਲਾਲ ਕਿਲ੍ਹੇ ਵਿਚ ਹੋਈ ਹਿੰਸਾ ਅਤੇ ਅਰਾਜਕਤਾ ਨਾਲ ਜੁੜੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਕ ਅਧਿਕਾਰੀ ਮੁਤਾਬਕ ਪੁਲਸ ਹਿਰਾਸਤ ਦੇ ਪਹਿਲੇ ਦਿਨ ਪੁੱਛਗਿੱਛ ਇਸ 'ਤੇ ਕੇਂਦਰਿਤ ਰਹੀ ਕਿ ਉਹ ਕਿਵੇਂ ਲਾਲ ਕਿਲ੍ਹੇ ਪਹੁੰਚਿਆ ਅਤੇ ਉਥੇ ਉਸ ਦਿਨ ਉਸ ਨੇ ਕੀ ਕੀਤਾ। ਸਿੱਧੂ ਨੇ ਸ਼ੁਰੂ ਵਿਚ 25 ਜਨਵਰੀ ਨੂੰ ਸਿੰਘੂ ਸਰਹੱਦ 'ਤੇ ਆਪਣੀ ਮੌਜੂਦਗੀ ਤੋਂ ਇਨਕਾਰ ਕੀਤਾ ਪਰ ਜਦੋਂ ਉਸ ਨੂੰ ਪੁਲਸ ਨੇ ਸਬੂਤ ਦਿਖਾਇਆ ਤਾਂ ਉਸ ਨੇ ਮੰਨਿਆ ਕਿ ਉਹ ਕਿਸਾਨ ਪ੍ਰਦਰਸ਼ਨ ਸਥਾਨ 'ਤੇ ਸੀ ਪਰ ਉਥੋਂ ਥੋੜ੍ਹੀ ਦੂਰੀ 'ਤੇ ਸੁੱਤਾ ਸੀ।
ਦੀਪ ਸਿੱਧੂ ਨੇ ਦਾਅਵਾ ਕੀਤਾ ਕਿ ਜਦੋਂ ਉਹ 26 ਜਨਵਰੀ ਨੂੰ ਸਵੇਰੇ ਉਠਿਆ ਤਾਂ ਉਸ ਦੇ ਮੋਬਾਇਲ 'ਤੇ ਲੋਕਾਂ ਵੱਲੋਂ ਲਾਲ ਕਿਲ੍ਹੇ ਵੱਲ ਵੱਧਣ ਬਾਰੇ 3 ਮਿਸ ਕਾਲ ਅਤੇ ਸੰਦੇਸ਼ ਆਏ ਹੋਏ ਸਨ ਤਾਂ ਉਹ ਵੀ ਆਪਣੇ 3 ਦੋਸਤਾਂ ਨਾਲ ਉਥੇ ਪਹੁੰਚ ਗਿਆ। ਉਸ ਨੇ ਕਿਹਾ ਕਿ ਉਹ ਸਵੇਰੇ 11 ਵਜੇ ਆਪਣੇ ਦੋਸਤਾਂ ਨਾਲ ਗੱਡੀ ਰਾਹੀਂ ਸਿੰਘੂ ਸਰਹੱਦ ਤੋਂ ਚੱਲਿਆ ਅਤੇ 1 ਵਜੇ ਲਾਲ ਕਿਲ੍ਹੇ 'ਤੇ ਪਹੁੰਚਿਆ। ਅਧਿਕਾਰੀ ਮੁਤਾਬਕ ਜਦੋਂ ਉਸ ਤੋਂ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਣ ਦੇ ਬਾਰੇ ਵਿਚ ਪੁੱਛਿਆ ਗਿਆ ਤਾਂ ਉਸ ਨੇ ਆਪਣੀ ਸ਼ਮੂਲੀਅਤ ਤੋਂ ਇਨਕਾਰ ਕਰ ਦਿੱਤਾ ਅਤੇ ਦਾਅਵਾ ਕੀਤਾ ਕਿ ਉਸ ਨੇ ਭੀੜ ਨੂੰ ਨਹੀਂ ਉਕਸਾਇਆ।