ਸੰਗਰੂਰ (ਰਾਘਵ) : ਇੱਕ ਪਾਸੇ ਪੰਜਾਬ ਪੁਲਿਸ ਕਾਨੂੰਨ ਵਿਵਸਥਾ ਸਹੀ ਹੋਣ ਦੇ ਲੱਖਾਂ ਦਾਅਵੇ ਕਰਦੀ ਹੈ ਤਾਂ ਦੂਜੇ ਪਾਸੇ ਆਏ ਦਿਨ ਕੋਈ ਲੁੱਟ-ਖੋਹ, ਚੋਰੀ, ਕਤਲ ਜਾਂ ਬਲਾਤਕਾਰ ਵਰਗੀਆਂ ਘਟਨਾਵਾਂ ਇੰਨ੍ਹਾਂ ਦਾਅਵਿਆਂ ਦਾ ਨੱਕ ਚਿੜਾ ਰਹੀਆਂ ਹਨ। ਤਾਜ਼ਾ ਮਾਮਲਾ ਸੀਐਮ ਸਿਟੀ ਸੰਗਰੂਰ ਦਾ ਹੈ, ਜਿਥੇ ਕਿ ਇੱਕ ਨਜ਼ਦੀਕੀ ਪਿੰਡ 'ਚ ਤਿੰਨ ਮੁੰਡਿਆਂ ਵਲੋਂ 14 ਸਾਲਾ ਨਾਬਾਲਿਗ ਲੜਕੀ ਨਾਲ ਬਲਾਤਾਕਾਰ ਕੀਤਾ ਗਿਆ ਤੇ ਨਾਲ ਹੀ ਉਸ ਦੀਆਂ ਕਈ ਇਤਰਾਜਯੋਗ ਫੋਟੋਆਂ ਵੀ ਖਿੱਚੀਆਂ ਗਈਆਂ। ਜਿਸ ਨੂੰ ਲੈਕੇ ਪੀੜਤ ਲੜਕੀ ਅਤੇ ਉੇਸ ਦੇ ਪਰਿਵਾਰ ਵਲੋਂ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ।
ਨਾਲ ਹੀ ਲੜਕੀ ਦੇ ਪਰਿਵਾਰ ਦਾ ਕਹਿਣਾ ਕਿ ਮੁਲਜ਼ਮਾਂ ਵਲੋਂ ਉਨ੍ਹਾਂ ਦੀ ਧੀ ਨਾਲ ਕਈ ਵਾਰ ਗਲਤ ਹਰਕਤ ਕੀਤੀ ਗਈ। ਉਨ੍ਹਾਂ ਕਿਹਾ ਕਿ ਨਸ਼ੀਲੀ ਚੀਜ ਪਿਲਾ ਕੇ ਉਸ ਦੀ ਇਤਰਾਜਯੋਗ ਫੋਟੋਆਂ ਖਿੱਚ ਕੇ ਵਾਇਰਲ ਕਰ ਦਿੱਤੀਆਂ ਤੇ ਫਿਰ ਉਸ ਨੂੰ ਡਰਾ ਧਮਕਾ ਕੇ ਮਿਲਣ ਲਈ ਬਲਾਉਂਦੇ ਸੀ। ਉਨ੍ਹਾਂ ਕਿਹਾ ਕਿ ਜਦੋਂ ਸਾਡੀ ਧੀ ਨਹੀਂ ਗਈ ਤਾਂ ਉਹ ਤਿੰਨੋਂ ਮੁਲਜ਼ਮ ਕੰਧ ਲੰਘ ਕੇ ਸਾਡੇ ਘਰ ਤੱਕ ਆ ਗਏ। ਜਿੰਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਮੌਕੇ ਤੋਂ ਭੱਜ ਗਏ। ਇਸ ਦੇ ਨਾਲ ਹੀ ਪੀੜਤ ਲੜਕੀ ਦੇ ਪਰਿਵਾਰ ਦਾ ਕਹਿਣਾ ਕਿ ਮਾਨਸਾ ਦਾ ਰਹਿਣ ਵਾਲਾ ਨੌਜਵਾਨ ਮੁੱਖ ਮੁਲਜ਼ਮ ਹੈ ਤੇ ਉਹ ਕਿਸੇ ਪੁਲਿਸ ਵਾਲੇ ਦਾ ਲੜਕਾ ਹੈ। ਜਿਸ ਕਾਰਨ ਉਹ ਇਹ ਗੱਲ ਕਹਿੰਦਾ ਹੈ ਕਿ ਪੈਸੇ ਦੇ ਜ਼ੋਰ 'ਤੇ ਉਹ ਜੇਲ੍ਹ ਤੋਂ ਬਾਹਰ ਆ ਜਾਵੇਗਾ ਤੇ ਪਹਿਲਾਂ ਵੀ ਕਈ ਵਾਰ ਜੇਲ੍ਹ ਜਾ ਚੁੱਕਿਆ ਹੈ।
ਦੱਸ ਦਈਏ ਕਿ ਜਦੋਂ ਇਸ ਸਬੰਧੀ ਡੀਐਸਪੀ ਮਨੋਜ਼ ਗੋਰਸੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਲੜਕੀ ਦੇ ਮਾਤਾ-ਪਿਤਾ ਦੇ ਸਾਹਮਣੇ ਪੀੜਤ ਲੜਕੀ ਦੇ ਬਿਆਨ ਦਰਜ ਕਰ ਲਏ ਹਨ। ਉਨ੍ਹਾਂ ਕਿਹਾ ਕਿ ਇਸ ਜਾਂਚ 'ਚ ਜੇਕਰ ਹੋਰ ਵੀ ਕੁਝ ਸਾਹਮਣੇ ਆਵੇਗਾ ਤਾਂ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ ਤੇ ਲੋੜ ਪੈਣ 'ਤੇ ਧਾਰਾਵਾਂ 'ਚ ਵੀ ਵਾਧਾ ਕੀਤਾ ਜਾਵੇਗਾ।