ਸਿਰਸਾ (ਦੇਵ ਇੰਦਰਜੀਤ) : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਲ ਵਧ ਸਕਦੀਆਂ ਹਨ। ਰਣਜੀਤ ਕਤਲ ਮਾਮਲੇ ’ਚ ਸੀ.ਬੀ.ਆਈ. ਕੋਰਟ ਨੇ ਫ਼ੈਸਲਾ ਸੁਰੱਖਿਅਤ ਰੱਖਿਆ ਹੈ। ਹੁਣ ਕੋਰਟ 26 ਅਗਸਤ ਨੂੰ ਇਸ ਮਾਮਲੇ ’ਚ ਫ਼ੈਸਲਾ ਸੁਣਾ ਸਕਦੀ ਹੈ। ਬੁੱਧਵਾਰ ਨੂੰ ਡੇਰਾ ਮੁਖੀ ਰਾਮ ਰਹੀਮ ’ਤੇ ਚੱਲ ਰਹੇ ਰਣਜੀਤ ਕਤਲ ਮਾਮਲੇ ਨੂੰ ਲੈ ਕੇ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ’ਚ ਸੁਣਵਾਈ ਹੋਈ। ਮਾਮਲੇ ਦੀ ਸੁਣਵਾਈ ਦੌਰਾਨ ਦੋਸ਼ੀ ਰਾਮ ਰਹੀਮ ਅਤੇ ਕ੍ਰਿਸ਼ਨ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਏ। ਉੱਥੇ ਹੀ ਮਾਮਲੇ ’ਚ ਹੋਰ ਦੋਸ਼ੀ ਅਵਤਾਰ, ਜਸਵੀਰ ਅਤੇ ਸਬਦਿਲ ਦੀ ਸਿੱਧੇ ਕੋਰਟ ’ਚ ਪੇਸ਼ੀ ਹੋਈ।
ਬਚਾਅ ਪੱਖ ਦੇ ਵਕੀਲ ਨੇ ਅੰਤਿਮ ਬਹਿਸ ਦੇ ਸਾਰੇ ਦਸਤਾਵੇਜ਼ ਸੀ.ਬੀ.ਆਈ. ਕੋਰਟ ’ਚ ਜਮ੍ਹਾ ਕਰਵਾਏ ਹਨ। ਇਸ ਮਾਮਲੇ ’ਚ ਕੋਰਟ ਨੇ ਸੀ.ਬੀ.ਆਈ. ਤੋਂ ਇਸ ’ਤੇ ਬਹਿਸ ਕਰਨ ਲਈ ਪੁੱਛਿਆ ਪਰ ਇਸ ਮਾਮਲੇ ’ਚ ਸੀ.ਬੀ.ਆਈ. ਨੇ ਕਿਸੇ ਤਰ੍ਹਾਂ ਦੀ ਬਹਿਸ ਕੋਰਟ ’ਚ ਨਹੀਂ ਕੀਤੀ। ਸੀ.ਬੀ.ਆਈ. ਕੋਰਟ ਨੇ ਅਗਲੀ ਤਾਰੀਖ਼ 26 ਅਗਸਤ ਤੱਕ ਲਈ ਮਾਮਲਾ ਸੁਰੱਖਿਅਤ ਰੱਖਿਆ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 26 ਅਗਸਤ ਨੂੰ ਹੋਵੇਗੀ।
ਰਣਜੀਤ ਕਤਲ ਮਾਮਲੇ ’ਚ ਖੱਟਾ ਸਿੰਘ ਨੇ ਰਾਮ ਰਹੀਮ ਨੂੰ ਕਤਲ ਦਾ ਦੋਸ਼ੀ ਦੱਸਿਆ ਸੀ। ਖੱਟਾ ਸਿੰਘ (ਰਾਮ ਰਹੀਮ ਦਾ ਸਾਬਕਾ ਡਰਾਈਵਰ) ਨੇ ਕੋਰਟ ’ਚ ਬਿਆਨ ਦਿੱਤਾ ਸੀ ਕਿ ਡੇਰਾ ਮੁਖੀ ਨੂੰ ਲੱਗਦਾ ਸੀ ਕਿ ਸਾਧਵੀਆਂ ਦੇ ਯੌਨ ਸ਼ੋਸ਼ਣ ਦੀ ਚਿੱਠੀ ਜਗ੍ਹਾ-ਜਗ੍ਹਾ ਭੇਜਣ ਦੇ ਪਿੱਛੇ ਡੇਰਾ ਮੈਨੇਜਰ ਰਣਜੀਤ ਸਿੰਘ ਦਾ ਹੀ ਹੱਥ ਸੀ। ਖੱਟਾ ਸਿੰਘ ਨੇ ਕਿਹਾ ਸੀ ਰਣਜੀਤ ਨੇ ਗੁੰਮਨਾਮ ਚਿੱਠੀ ਆਪਣੀ ਭੈਣ ਤੋਂ ਲਿਖਵਾਈ ਸੀ।
ਇਸ ਲਈ ਰਾਮ ਰਹੀਮ ਨੇ ਮੇਰੇ ਸਾਹਮਣੇ 16 ਜੂਨ 2002 ਨੂੰ ਸਿਰਸਾ ਡੇਰੇ ’ਚ ਉਸ ਨੂੰ ਮਾਰਨ ਦੇ ਆਦੇਸ਼ ਦਿੱਤੇ ਸਨ। ਰਣਜੀਤ ਸਿੰਘ ਦਾ 10 ਜੁਲਾਈ 2003 ’ਚ ਕਤਲ ਕੀਤਾ ਗਿਆ ਸੀ। ਫਿਲਹਾਲ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ’ਚ 2 ਸਾਧਵੀਆਂ ਦੇ ਯੌਨ ਸ਼ੋਸ਼ਣ ਦੇ ਮਾਮਲੇ ’ਚ 20 ਸਾਲ ਦੀ ਸਜ਼ਾ ਅਤੇ ਪੱਤਰਕਾਰ ਰਾਮਚੰਦਰ ਛੱਤਰਪਤੀ ਕਤਲਕਾਂਡ ’ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ